ਐ ਮੇਰੇ ਨਿੰਦਕੋ

ਐ ਮੇਰੇ ਨਿੰਦਕੋ !

ਹੱਸਦੇ ਰਹੋ ਵੱਸਦੇ ਰਹੋ

 

ਸ਼ੁਕਰਗੁਜ਼ਾਰ ਹਾਂ ਤੁਹਾਡਾ

ਕਿ ਤੁਸੀਂ ਸਦਾ ਹੀ ਮੈਨੂੰ

ਆਪਣੇ ਨਾਲ ਰੱਖਦੇ ਹੋ

ਤੁਹਾਡੇ ਨਾਲ

ਸਦਾ ਹੀ

ਹਰ ਥਾਂ ਤੇ ਹਾਜ਼ਰ ਹੰੁਦਾ ਹਾਂ ਮੈਂ

 

ਕਿਸੇ ਵੀ ਮਹਿਫ਼ਲ

ਕਿਸੇ ਸਭਾ ’ਚ

ਤੁਸੀਂ ਜਿੱਥੇ ਵੀ ਜੁੜਦੇ ਹੋ

ਮੇਰਾ ਜ਼ਿਕਰ ਕਰਦੇ ਹੋ

ਭਾਵੇਂ ਗਾਲ੍ਹਾਂ ਹੀ ਕੱਢਦੇ ਹੋ

ਮੈਂ ਰਿਣੀ ਹਾਂ ਤੁਹਾਡਾ

ਕਿ ਮੈੈਨੂੰ ਯਾਦ ਤਾਂ ਕਰਦੇ ਹੋ

 

ਤੁਸੀਂ ਜਦੋਂ ਯਾਦ ਕਰਦੇ ਹੋ

ਤੇ ਮੇਰੇ ਪਾਪ ਧੋਂਦੇ ਹੋ

ਮੈਂ ਮਹਿਫ਼ਲ ਦੀ

ਇੱਕ ਨੁੱਕਰ ’ਚ ਖੜ੍ਹਾ

ਤੁਹਾਡੇ ਤੇ ਮੁਸਕਰਾਉਂਦਾ ਹਾਂ

ਮਨ ਹੀ ਮਨ ਵਿੱਚ

ਤੁਹਾਡਾ ਸ਼ੁਕਰ ਮਨਾਉਂਦਾ ਹਾਂ

 

ਤੁਸੀਂ ਹੋ

ਕਿ ਇਸ ਨਾਚੀਜ਼ ਦਾ

ਕਿੰਨਾ ਖਿਆਲ ਰੱਖਦੇ ਹੋ

ਸਦਾ ਹੀ ਆਪਣੇ ਅੰਗ ਸੰਗ

ਆਪਣੇ ਨਾਲ ਰੱਖਦੇ ਹੋ

 

ਤੁਸੀਂ ਨਾ ਰਹੋਗੇ

ਤਾਂ ਕੌਣ ਮੈਨੂੰ ਯਾਦ ਰੱਖੇਗਾ

ਮੇਰੇ ਗੁਣਾਂ ਔਗੁਣਾਂ ਦਾ

ਕੌਣ ਹਿਸਾਬ ਰੱਖੇਗਾ

 

ਐ ਮੇਰੇ ਨਿੰਦਕੋ !

ਹੱਸਦੇ ਰਹੋ ਵੱਸਦੇ ਰਹੋ

ਸਲਾਮਤ ਰਹੋ ਸਦਾ।

📝 ਸੋਧ ਲਈ ਭੇਜੋ