ਅਗਨ-ਪ੍ਰੀਖਿਆ

ਹੇ ! ਸੀਤਾ ਮਾਤਾ 

ਜਦੋਂ ਤੂੰ ਤੁਰੀ ਮੈਂ 

ਰਾਮ ਪਿੱਛੇ ਬਨਵਾਸ ਨੂੰ

ਤੁਰ ਪਿਆ ਹੋਵੇਗਾ ਨਾਲ 

ਪਿਆਰ ਤੇ ਵਿਸ਼ਵਾਸ ਵੀ।

ਕੱਟਦੀ ਹੋਏਗੀ ਫਾਕੇ ਵਣਾਂ ਵਿੱਚ 

ਕੱਢਦੀ ਹੋਏਗੀ ਕੰਡੇ ਪੈਰਾਂ ਚੋਂ

ਤ੍ਰਭਕ ਜਾਂਦੀ ਹੋਏਗੀ ਟਿਕੀ ਰਾਤ ਵਿੱਚ।

ਸਹਿਮ ਜਾਂਦੀ ਹੋਏਗੀ ਜੰਗਲੀ ਜੀਵਾਂ ਤੋਂ

ਜਾਂ ਫੇਰ-

ਵਿਸ਼ਵਾਸ ਹੀ ਸੀ ਏਨਾ, 

ਕਿ ਤੂੰ ਅਡੋਲ ਸੀ 

ਨਿਡਰ ਸੀ 

ਨਿਰਭੈ ਸੀ

ਉਦੋਂ।

ਤਿੜਕੀ ਤਾਂ ਹੋਏਗੀ

ਪਰ ਤੂੰ ਬਾਅਦ ਵਿੱਚ 

ਅਗਨ-ਪ੍ਰੀਖਿਆ ਮੰਗੀ ਸੀ 

ਜਦੋਂ ਤੇਰੇ ਰਾਮ ਨੇ ।

ਸੋਚਿਆ ਤਾਂ ਹੋਵੇਗਾ ਤੂੰ ਜ਼ਰੂਰ

ਕਿਸ ਲਈ ਛੱਡੀ ਸੀ ਅਯੁਧਿਆ

ਕਿਸ ਲਈ ਕੱਟੇ ਸਨ 

ਫਾਕੇ ਔਂਕੜਾਂ, ਕਿਸ ਲਈ ਲੰਕਾਂ 'ਚ

ਕੈਦੀ ਬਣ ਗਈ ਸੈਂ।

ਇਹ ਉਹ ਰਾਮ ਤਾਂ ਨਹੀਂ ਲੱਗਿਆ ਹੋਏਗਾ 

ਜਿਸ ਨੂੰ ਰੱਬ ਮੰਨ ਤੁਰ ਪਈ ਸੀ ਤੂੰ ਕਦੇ

ਕਹਿੰਦੇ ਸਹਿਮੀ ਨਹੀਂ ਸੀ ਤੂੰ ਅਗਨ ਤੋਂ 

ਨਿਕਲ ਗਈ ਮੈਂ ਉਸਦਾ ਸੀਨਾ ਚੀਰ ਕੇ 

ਸੇਕ ਤਕ ਲੱਗਿਆ ਨਹੀਂ -ਤੇਰੇ ਤਨ ਨੂੰ 

ਹੋ ਗਈ ਮੈਂ ਪਾਰ -ਉਸ ਇਲਜ਼ਾਮ ਤੋਂ 

ਕਿੰਝ ਮੇਲੀਆਂ ਸਨ ਅੱਖਾਂ ਫਿਰ ਤੇਰੇ ਰਾਮ ਨੇ 

ਕਿੰਝ ਤੱਕਿਆ ਸੀ ਤੇਰੇ ਸਨਮਾਨ ਵੱਲ ।

ਤੂੰ ਤਾਂ ਰਿਸ਼ੀਆਂ ਦਾ ਲਹੂ ਸੀ

ਕਹਿੰਦੇ-ਜਨਮੀ ਸੀ ਬਿਨਾਂ ਕੁੱਖ ਤੋਂ, 

ਬਹੁਤ ਹੋਵੇਗਾ ਬਲ ਤੇਰੀ ਦੇਹ ਵਿੱਚ 

ਅੱਗ ਨੇ ਵੀ ਜਿਸਨੂੰ ਨਹੀ ਸੀ ਸਾੜਿਆ ।

ਪਰ ਮੈਂ ਕਿਵੇਂ ਬਚਾਵਾ ਖੁਦ ਨੂੰ ਇਸ ਅਗਨ ਤੋਂ 

ਕੁੱਖ ਦੇ ਰਸਤੇ ਆਈ ਮੈਂ ਆਦਮ ਦੀ ਧੀ । 

ਮੈਨੂੰ ਨਹੀਂ ਪਹਿਚਾਣੇਗੀ ਇਹ ਅਗਨ 

ਮੈਂ ਜਾਣਦੀ ਹਾਂ

ਸੜ ਜਾਵਾਂਗੀ ਜੇ ਇਸ ਵਿੱਚ ਪੈਰ ਪਾਵਾਂਗੀ 

ਸੜ ਜਾਵੇਗਾ ਨਾਲ ਮੇਰਾ ਸਨਮਾਨ ਵੀ ।

ਤੱਕਦੀ ਹਾਂ ਤੇਰੇ ਰਾਮ ਵੱਲ-

ਜੋ ਹੁਣ ਵੀ ਖਾਮੋਸ਼ ਏ

ਮੇਰਾ ਰਾਮ ਉਡੀਕ ਰਿਹਾ ਏ ਅਗਨੀ ਤੋਂ ਪਾਰ ।

ਹੇ ! ਮਾਤਾ

ਕਿੰਝ ਮੇਟਾਂ ਮੱਥੇ ਲੱਗੇ ਇਲਜ਼ਾਮ ਨੂੰ

ਕਿੰਝ ਕਰਾਂ

ਹੁਣ ਮੈਂ ਇਸ ਅਗਨੀ ਨੂੰ ਪਾਰ

ਕਿਸ ਨੂੰ ਧਿਆਵਾਂ ਮੈਂ ਕਿ-

ਸੰਕਟ ਟਲ ਜਾਵੇ ।

ਕਿਸ ਰਾਮ ਕੋਲੋ ਮੰਗਾਂ ਮੈਂ ਅਸ਼ੀਰਵਾਦ ॥

📝 ਸੋਧ ਲਈ ਭੇਜੋ