ਅੱਗ, ਹਵਾ ਤੇ ਪਾਣੀ ਮਿੱਟੀ ।
ਅਜ਼ਲੋਂ ਮੇਰੀ ਹਾਣੀ ਮਿੱਟੀ ।
ਕਈ ਸਿਕੰਦਰ ਵਿੱਚੋਂ ਨਿਕਲੇ
ਜਦ ਧਰਤੀ ਦੀ ਛਾਣੀ ਮਿੱਟੀ ।
ਹਰ ਸ਼ੈਅ ਮਿੱਟੀ ਕਰ ਦਿੰਦੀ ਏ
ਇਹ ਖ਼ਸਮਾਂ ਨੂੰ ਖਾਣੀ ਮਿੱਟੀ ।
ਜਦ ਮਿੱਟੀ ਚੋਂ ਆਦਮ ਬਣਿਆ
ਬਣ ਗਈ ਨਵੀਂ ਕਹਾਣੀ ਮਿੱਟੀ ।
ਮਿੱਟੀ ਉੱਤੇ ਮਿੱਟੀ ਪਾਓ
ਹੋ ਗਈ ਬੜੀ ਪੁਰਾਣੀ ਮਿੱਟੀ ।
ਏਸ ਜਹਾਨ ਦਾ ਸੂਰਜ ਰਾਜਾ
ਸੂਰਜ ਦੀ ਏ ਰਾਣੀ ਮਿੱਟੀ ।
ਚੰਨ ਤੋਂ ਅੱਗੇ ਟੁਰ ਗਈ 'ਅਰਸ਼ਦ'
ਅਜ ਦੀ ਬੜੀ ਸਿਆਣੀ ਮਿੱਟੀ