ਅਗਲੇ ਪਿਛਲੇ ਜਨਮ ਦਾ ਝੋਰਾ ਕਿਸਮਤ ਦੀ ਗੱਲ ਕਰਦੇ ਕਰਦੇ,
ਬਿਰਥਾ ਇਹ ਵੀ ਜੂਨ ਗਵਾਈਏ ਕਾਹਨੂੰ ਜੀ ਕੇ ਮਰਦੇ ਮਰਦੇ।
ਸੋਚਾਂ ਦੀ ਘੁੰਮਣ-ਘੇਰੀ ਵਿਚ ਖੁਰ ਚੱਲੀ ਕਾਇਆ ਦੀ ਮਿੱਟੀ,
ਆਪਣੇ ਆਪ 'ਚ ਗਰਕਣ ਲੱਗੇ ਭਾਵ-ਸਾਗਰ ਨੂੰ ਤਰਦੇ ਤਰਦੇ।
ਚਾਨਣੀਆਂ ਤੋਂ ਅੱਖ ਬਚਾ ਕੇ ਉਮਰ ਦਾ ਨ੍ਹੇਰਾ ਢੋਇਆ ਆਪਾਂ,
ਛੋਟੇ ਛੋਟੇ ਦੁੱਖਾਂ ਉੱਤੇ ਲੰਮੇ ਹਾਉਕੇ ਭਰਦੇ ਕਰਦੇ।
ਕਿਰਨਾਂ ਦਸਤਕ ਦੇ ਰਹੀਆਂ ਨੇ ਧੁੱਪਾਂ ਬਾਹਰ ਉਡੀਕਦੀਆਂ ਨੇ,
ਬੂਹੇ ਢੋ ਕੇ ਬੈਠੇ ਲੋਕੀ ਸਹਿਮੇ ਸਹਿਮੇ ਠਰਦੇ ਠਰਦੇ।
ਭਾਵੇਂ ਚੌਰਾਹਿਆਂ ਵਿਚ ਸਾਨੂੰ ਗੱਡ ਦਿਉ ਹੁਣ ਬੁੱਤਾਂ ਵਾਂਗੂੰ,
ਸਾਡੇ ਪਿੰਡੇ ਪਥਰਾਏ ਨੇ ਧੁੱਪਾਂ ਪਾਲੇ ਜਰਦੇ ਜਰਦੇ।
ਹੋਰ ਕਿਸੇ ਦੀ ਮੰਜ਼ਿਲ ਤੋਂ ਵੱਖ ਹੋਰ ਕਿਤੇ ਕੀ ਪਹੁੰਚਣਗੇ ਉਹ,
ਹੋਰ ਕਿਸੇ ਦੀਆਂ ਪੈੜਾਂ ਉੱਤੇ, ਤੁਰਦੇ ਜੋ ਪਗ ਧਰਦੇ ਧਰਦੇ।
ਪਿੰਜਰਿਆਂ ਦੇ ਲਾਗੇ ਖਿੰਡਿਆ ਰਿਜਕ ਹੈ ਲਿਖਿਆ ਸਾਡੇ ਭਾਗੀਂ,
ਸਾਡੀ ਭੁੱਖ ਦੀ ਮਜ਼ਬੂਰੀ ਹੈ ਚੋਗਾ ਚੁੱਗਣਾ ਡਰਦੇ ਡਰਦੇ।