ਭਾਰਤ ਦੀ ਰੂਹ

ਇਹ ਨਿਰਦੋਸ਼ ਅਹੱਲਿਆ

ਕਿੰਨੀਆਂ ਸਦੀਆਂ ਰਹੀ ਸਰਾਪੀ

ਕਿਸ ਕੁੱਕੜ ਨੇ

ਕਿਸੇ ਕੁਵੇਲੇ ਬਾਂਗਾਂ ਦਿੱਤੀਆਂ

ਕਿਸ ਚੰਦਰੇ ਪਲ

ਕਿਤ ਵਲ

ਇਸ ਦਾ ਗੌਤਮ ਘਲਿਆ

ਕਿਸ ਨੇ ਭਿੱਟੀ ਅਸਮਤ ਦੀ ਜੂਹ 

ਦੇਖ ਕੇ ਜਿੰਦ ਇਕਲਾਪੀ

ਇਹ ਨਿਰਦੋਸ਼ ਅਹੱਲਿਆ

ਕਿੰਨੀਆਂ ਸਦੀਆਂ ਰਹੀ ਸਰਾਪੀ 

ਬੰਦ ਹੋ ਗਈ ਦਿਲ ਦੀ ਧੜਕਣ 

ਬੰਦ ਹੋ ਗਏ ਨਾੜਾਂ ਵਿਚ ਲਹੂ ਦੇ ਗੇੜੇ 

ਤਨ ਚੋਂ ਸਾਹ ਸਤ ਸੂਤ ਹੋ ਗਿਆ 

ਮੌਨ ਹੋ ਗਏ ਹਾਸੇ ਖੇੜੇ

ਗੁੰਮ ਹੋ ਗਈਆਂ ਕਿਤੇ ਸੁਰਤੀਆਂ

ਪੱਥਰ ਹੋਈਆਂ ਕੁੱਲ ਬਿਰਤੀਆਂ

ਖੁੱਸ ਗਈ ਨੈਣਾਂ ਤੋਂ ਜੋਤੀ

ਵਿਸਰੀ ਵਾਲਮੀਕ ਦੀ ਕਵਿਤਾ

ਤੇ ਵੇਦਾਂ ਦੇ ਮੰਤਰ

ਰੁਲਦੇ ਰੁਲਦੇ ਮਿੱਟੀ ਦੇ ਵਿਚ ਰੁਲ ਗਏ ਮੋਤੀ

ਭੁੱਲ ਗਿਆ ਕੰਨਾਂ ਨੂੰ ਸੁਣਨਾ

ਚੰਗਾ ਮੰਦਾ ਗੁਣਨਾ

ਈਕਣ ਹੋਸ਼ ਹਵਾਸ਼ ਗਵਾਹੇ

ਨਿਰਜਿੰਦ ਹੋ ਗਈ ਜਾਪੀ

ਇਹ ਨਿਰਦੋਸ਼ ਅਹੱਲਿਆ

ਕਿੰਨੀਆਂ ਸਦੀਆਂ ਰਹੀ ਸਰਾਪੀ

ਅੱਖੀਆਂ ਉੱਤੇ ਕਾਲੀ ਪੱਟੀ ਬੰਨ੍ਹ ਕੇ 

ਬੀਤ ਗਏ ਬੇਅੰਤ ਦਿਹਾੜੇ 

ਦੋਸ਼ੀ ਜਿਵੇਂ ਨਮੋਸ਼ੀ ਮਾਰੇ

ਚੜ੍ਹ ਚੜ੍ਹ ਕਿੰਨੇ ਸੂਰਜ ਡੁੱਬੇ

ਜਗ ਜਗ ਬੁਝ ਗਏ ਤਾਰੇ 

ਛਟ ਨਾ ਸੱਕੇ

ਘਟ ਨਾ ਸੱਕੇ

ਅੱਖੀਆਂ ਦੇ ਅੰਧਿਆਰੇ

ਸਦੀਆਂ ਪਿੱਛੋਂ

ਅੰਤ ਸੁਹਾਣਾ ਕੌਤਕ ਹੋਇਆ

ਫੇਰ ਕਿਸੇ ਦੀ ਛੂਹ ਦਾ ਓੜਕ ਜਾਦੂ ਚੱਲਿਆ

ਫੇਰ ਬਦਨ ਵਿਚ ਹਰਕਤ ਜਾਗੀ 

ਪੱਥਰ ਹੋਈ ਹਿੱਲੀ ਫੇਰ ਅਹੱਲਿਆ 

ਅੰਗਾਂ ਦੇ ਵਿਚ ਨਿਰਤ ਫਰਕਿਆ 

ਦਿਲ ਵਿਚ ਸੱਜਰਾ ਸੋਜ਼ ਧੜਕਿਆ 

ਫਿਰ ਨਾੜਾਂ ਦੀ ਰੱਤ ਨੇ ਛੋਹੇ 

ਨਵ-ਰਚਨਾ ਦੇ ਗੇੜੇ

ਹੁਣ ਇਸ ਦੇ ਨੈਣਾਂ ਦੀ ਜੋਤੀ

ਰੋਸ਼ਨ ਕਰਦੀ ਜੱਗ ਦੇ ਰਾਹ ਅੰਧਿਆਰੇ 

ਤੇ ਇਸ ਦੇ ਬੋਲਾਂ ਦੀ ਮਿੱਠਤ

ਤਪਦੀਆਂ ਜਿੰਦਾਂ ਠਾਰੇ

ਐਪਰ ਅਜੇ ਨਾ ਮੁੱਕਾ

ਸਾਡੀਆਂ ਅੱਖੀਆਂ ਵਿਚੋਂ

ਪਸਚਾਤਾਪ ਅਤੇ ਸੰਤਾਪ ਦਾ ਰੋਣਾ

ਚੰਨ ਦੇ ਗੋਰੇ ਮੁੱਖ ਤੋਂ ਦਾਗ਼ ਅਜੇ ਹੈ ਧੋਣਾ।

📝 ਸੋਧ ਲਈ ਭੇਜੋ