ਅਹਿਮਦ ਸਲੀਮ

ਆਪਣਾ ਵਤਨ ਗ਼ਲਤ ਨਹੀਂ ਹੁੰਦਾ 

ਅਸੀਂ ਤਾਂ ਮੁੱਢੋਂ ਏਹੋ ਪੜ੍ਹਿਆ 

ਅਪਣਾ ਵਤਨ ਆਪਣਾ ਅੱਬਾ 

ਅੱਬਾ ਗ਼ਲਤੀ ਕਰ ਨਹੀਂ ਸਕਦਾ

ਅਪਣੇ ਵਤਨ ਦੇ ਸਾਰੇ ਦਰਿਆ 

ਖ਼ਾਸ ਬਹਿਸ਼ਤੋਂ ਜਾਰੀ ਹੁੰਦੇ 

ਪਾਣੀ ਪਿਘਲੀ ਚਾਂਦੀ ਵਰਗੇ 

ਮਿੱਟੀ ਭਰਿਆ ਭਰਿਆ ਸੋਨਾ

ਏਥੇ ਅੰਬਰ ਡੂੰਘੇ ਨੀਲੇ ਖ਼ਾਸ ਰੰਗ ਦੇ

ਚੰਨ ਸਿਤਾਰੇ ਸੂਰਜ 

ਖ਼ਾਸੁਲਖ਼ਾਸ ਪਾਣੀਆਂ ਦੇ ਵਿਚ ਧੋਤੇ

ਅਪਣੇ ਦੇਸ਼ 'ਚ ਨੰਗਾ ਪਿੰਡਾ ਵੀ 

ਰੇਸ਼ਮ ਪਟ ਵਰਗਾ ਕੂਲਾ

ਦੇਸ 'ਚ ਭੁੱਖੇ ਢਿੱਡ ਨੂੰ ਵੀ ਤਸਕੀਨ ਬੜੀ ਏ 

ਏਥੇ ਜ਼ੁਲਮ ਵੀ ਸਹੀਏ ਤਾਂ ਕੁਰਬਾਨੀ ਕਹੀਏ 

ਅਪਣੇ ਹਾਕਮ ਮਾਰਨ ਵੀ ਤਾਂ 

ਲਾਸ਼ ਕਦੇ ਨਾ ਧੁੱਪੇ ਸੁੱਟਣ 

ਅਪਣੇ ਵਤਨ ਦੇ ਹਰ ਵੇਲੇ ਦੀ 

ਪਿੱਠ ਦੇ ਉੱਤੇ 

ਅਪਣੇ ਲੋਕਾਂ ਦਾ ਧੱਕਾ ਏ 

ਅਪਣੇ ਵਤਨ ਦੀ ਖ਼ੈਰ ਮਨਾਵੋ 

ਧੱਕੇ ਦੇ ਵਿਚ ਧੱਕਾ ਹੋ ਕੇ 

ਰਿੜ੍ਹਦੇ ਜਾਵੋ, ਰੁੜ੍ਹਦੇ ਜਾਵੋ

ਇਸ ਸੈਲਾਬ 'ਚ

ਅਪਣੇ ਪੈਰਾਂ ਉਪਰ ਖੜ੍ਹਣਾ ਮੂਰਖਤਾ ਹੈ

ਯਾਰ ਅਹਿਮਿਆ

ਇਹ ਕੀ ਹੋਇਆ ?

ਤੂੰ ਲਹਿੰਦੇ ਪੰਜਾਬ ਦਾ ਵਾਸੀ

ਲਗਦੈ ਜੀਕਣ ਚੜ੍ਹਦੇ ਵੱਲੋਂ 

ਨਵਾਂ ਨਵਾਂ ਸੂਰਜ ਤੂੰ ਉਗਿਆ

ਸੜਦੀ ਸੂਹੀ ਰੌਸ਼ਨ ਬੋਲੀ ਵਿਚ ਕਿਹਾ ਤੂੰ : 

ਅੱਬਾ ਤੇਰੀ ਲਾਮ ਗ਼ਲਤ ਹੈ

ਅਪਣੇ ਦੇਸ ਦੇ ਦਰਿਆਵਾਂ ਦੇ ਨਾਲ 

ਨ ਕੱਟੋ ਦੂਜੇ ਦਰਿਆ

ਅਪਣੇ ਪਰਬਤ ਦੂਰ ਦੁਰਾਡੇ ਦੇਸ ਨਾ ਭੇਜੋ

ਉਹਨਾਂ ਦੇ ਅਪਣੇ ਪਰਬਤ ਨੇ

ਪਰਬਤ ਪਰਬਤ ਭਾਵੇਂ

ਲੜਦੇ ਰਹਿਣ ਹਜ਼ਾਰਾਂ ਸਾਲਾਂ ਤਾਈਂ

ਕੋਈ ਨਾ ਜਿੱਤੇ

ਕੋਈ ਨਾ ਹਾਰੇ

ਅਪਣੇ ਮਜਮੇ ਨਾਲ ਕਰੋ ਤਕਸੀਮ

ਨ ਦੂਜੀ ਥਾਂ ਦੇ ਮਜ਼ਮੇ

ਗ਼ਲਤ ਰਿਆਜ਼ੀ ਦਾ ਇਹ ਕਾਇਦਾ

ਪਿਛਲੇ ਜੁਗ ਦਾ

ਅਸੀਂ ਨਹੀਂ ਬੀਤੇ ਮਦਰੱਸਿਆਂ ਦੇ ਵਿਚ ਪੜ੍ਹਣਾ

ਹੜ੍ਹ ਦਾ ਪਾਣੀ ਬੜਾ ਤੇਜ਼ ਸੀ 

ਤੂੰ ਚੜ੍ਹਦੇ ਨੂੰ ਤਰਨਾ ਚਾਹਿਆ 

ਧੱਕੇ ਦੇ ਵਿਚ ਧੱਕਾ ਹੋ ਕੇ 

ਰੁੜ੍ਹਦੇ ਜਾਣਾ ਤੂੰ ਰੱਦ ਕੀਤਾ 

ਕਲਮੁਕੱਲਾ

ਰੋੜ੍ਹੂ ਮਜਮਾ ਚੀਰ ਕੇ ਤੂੰ ਉਪਰ ਵਲ ਤੁਰਿਆ

ਯਾਰ ਅਹਿਮਿਆ

ਆਸੇ ਪਾਸੇ ਅਜੇ ਵੀ ਏਹੋ ਰੌਲਾ-ਗੌਲਾ 

ਅਪਣਾ ਦੇਸ਼ ਆਪਣਾ ਅੱਬਾ 

ਅੱਬਾ ਗ਼ਲਤੀ ਕਰ ਨਹੀਂ ਸਕਦਾ

ਪਰ ਮੈਨੂੰ ਤੇਰੀ ਗੁਸਤਾਖ਼ੀ ਚੰਗੀ ਲਗਦੀ 

ਰੋੜ੍ਹ ਮਜਮਾ ਚੀਰ ਕੇ ਚੜ੍ਹਦੇ ਵੱਲੇ ਜਾਂਦਾ 

ਅਪਣੀ ਕਾਇਆਂ ਵਿਚੋਂ ਅਪਣਾ ਸੂਰਜ ਚੜ੍ਹਦਾ 

ਮੈਨੂੰ ਸੋਹਣਾ ਸੋਹਣਾ ਲਗਦੈ

📝 ਸੋਧ ਲਈ ਭੇਜੋ