ਏਦਾਂ ਕੌਣ ਜਾਂਦਾ ਹੈ ਘਰੋਂ
ਬਿਨਾਂ ਦੱਸੇ
ਨਾ ਕੋਈ ਸਿਰਨਾਵਾਂ
ਨਾ ਆਉਣ ਜਾਣ ਦਾ ਪਤਾ
ਇਹ ਤਾਂ ਦੱਸਦਾ
ਏਨੀ ਕਾਹਲੀ ਕਾਹਦੀ ਸੀ ਯਾਰਾ
ਯਕੀਨ ਨਹੀਂ ਆ ਰਿਹਾ
ਤੇਰੇ ਬੇਵਕਤ ਤੁਰ ਜਾਣ ਤੇ
ਮੰਨਣ ਚ ਵੀ ਨਹੀਂ ਆ ਰਿਹਾ
ਕਿ ਤੂੰ ਤਾਂ ਕਿਤੇ ਜਾ ਚੰਦ ਬਣ ਗਿਆ ਏੰ
ਤੂੰ ਪੰਜਾਬੀ ਅਧਿਐਨ ਦੀ ਸੇਧ
ਪ੍ਬੁੱਧਤਾ ਸੁਹਿਰਦਤਾ ਆਲੋਚਨਾ
ਚੜ੍ਹਦੀ ਉਮਰ ਦਾ ਵਹਿਣ
ਹਰਫ਼ ਹਰਫ਼ ਚੁਣਦਾ ਜੜਦਾ ਅੰਬਰ ਤੇ
ਇੰਜ ਮਨ ਉਦਾਸ
ਕਰ ਕੇ ਕੌਣ ਜਾਂਦਾ ਹੈ ਭਲਾ
ਬੱਚਿਆਂ ਨੂੰ ਕੀ ਕਹਾਂ
ਭਾਬੋ ਰਾਣੀ ਨੂੰ ਕਿਹੜਾ ਦਲਾਸਾ ਦੇਵਾਂ
ਓਦਣ ਦਾ ਨਾ ਘਰ
ਕੋਈ ਬੋਲਿਆ ਹੈ
ਨਾ ਦਫ਼ਤਰ ਕੋਈ ਵੜਿਆ ਹੈ
ਸਲਾਹ ਮਸ਼ਵਰਾ ਲੈਣ
ਅਜੇ ਤਾਂ ਪੰਜਾਬੀ ਸਾਹਿਤ ਅਤੇ
ਲੋਕਧਾਰਾ ਚ
ਤੈੰ ਹੋਰ ਸਫ਼ੇ ਫਰੇਮ ਕਰਨੇ ਸਨ
ਇੰਜ ਅਚਾਨਕ ਘਰੋਂ ਤੁਰ ਜਾਣਾ
ਕਾਨਫਰੰਸਾਂ ਚੋਂ ਗੁੰਮ ਹੋ ਜਾਣਾ
ਯਾਰੀ ਨਹੀਂ ਹੁੰਦੀ ਦੋਸਤ !
ਸਾਦਗੀ ਤੇ ਸੰਜਮ ਪੱਲੇ ਬੰਨ੍ਹ
ਪੈਂਟ ਨਾਲ ਬੰਗਾਲੀ ਕੁੜਤਾ,
ਤੇ ਓਸੇ ਰੰਗ ਦੀ ਪੱਗ,
ਗੰਭੀਰਤਾ ਤੇ ਵਿਦਵਤਾ ਜੇਬ 'ਚ
ਪਹਿਲੀ ਵਾਰ ਦੇਖਣ ਤੋਂ
ਲੱਗਦਾ ਹੀ ਨਹੀਂ ਸੀ ਕਿ
ਤੂੰ ਏਡਾ ਕਵੀ, ਖੋਜ਼ੀ ਤੇ
ਵਿਦਵਾਨ ਵੀ ਹੋਵੇਂਗਾ
ਮੈਂ ਤਾਂ ਅਜੇ ਕਹਿਣਾ ਸੀ
ਏਡੀ ਕੁਰਸੀ ਤੇ ਇਹ ਝੱਗਾ ਪਜ਼ਾਮਾ ਜੇਹਾ ਨਹੀਂ ਸਜਦਾ
ਵਧੀਆ ਸੂਟ ਪਾ ਕੇ ਰੱਖਿਆ ਕਰ
ਮਨ ਬਹੁਤ ਉਦਾਸ ਕਰ
ਤੁਰ ਗਿਆ ਏਂ
ਸਾਰੇ ਦੋਸਤਾਂ ਦਾ
ਦਰਿਆ ਤਾਂ ਵਗਦੇ ਸੁਣੀੰਦੇ ਸਨ
ਧਰਤੀਆਂ ਸਿੰਜਦੇ
ਤੂੰ ਕਿਹੜੇ ਸਮੁੰਦਰ ਚ ਜਾ ਰਲਿਆਂ ਏੰ
ਫਿਰ ਏਨੀ ਛੇਤੀ ਕਿਉਂ
ਕਿਨਾਰਾ ਕਰ ਲਿਆ ਵਹਿਣ ਤੋਂ
ਤੂੰ ਤਾਂ ਜ਼ਹੀਨ, ਸਾਊ ਮਿਹਨਤੀ ਤੇ
ਧਰਤੀ ਤੋਂ ਉੱਠ ਕੇ ਤੁਰਿਆ ਬੰਦਾ ਸੀ
ਏਨੀ ਕਾਹਲੀ ਕਿਉਂ ਕਰ ਗਿਆ
ਸਦਾ ਲਈ ਵਿਛੜਨ ਦੀ
ਆਪਾਂ ਤਾਂ ਅਜੇ ਫੋਨ ਤੇ ਹੀ ਗੱਲਾਂ ਕੀਤੀਆਂ ਸਨ
ਅਜੇ ਤਾਂ ਰਲ ਬੈਠ ਚਾਹ ਦੀਆਂ
ਚੁੱਸਕੀਆਂ ਲੈਣੀਆਂ ਸਨ
ਤੂੰ ਤਾਂ ਕਮਰੇ ਦੇ ਬਾਹਰ ਲੱਗੀ
ਨੇਮ ਪਲੇਟ ਵੀ ਪੁੱਟ ਕੇ ਲੈ ਗਿਆਂ ਏੰ ਨਾਲ
ਅਲਵਿਦਾ ਡਾ: ਦਰਿਆ
ਵਗਦਾ ਰਹੀੰ
ਜਿਹੜੀ ਵੀ ਧਰਤੀ ਤੇ ਹੋਵੇਂ