ਐਨਾ ਉਹਦੀਆਂ ਯਾਦਾਂ ਦਾ ਦਿਲ ਵਿਚ ਘੜਮੱਸ ਪਿਆ ।
ਮੈਂ ਇਕਲਾਪਾ ਲੱਭਣ ਉਹਦੇ ਵੱਲ ਈ ਨੱਸ ਪਿਆ ।
ਕੇਸ ਪਿਛੋਕੜ ਉਮਰੇ ਨਾਡੀ ਰੁੱਤੇ ਫੁੱਲ ਖਿੜੇ,
ਕੇਸ ਖ਼ਿਜ਼ਾਈਂ ਰੁੱਤੇ ਲਗ਼ਰਾਂ ਅੰਦਰ ਰਸ ਪਿਆ ।
ਕਿਸਰਾਂ ਉਹਨੂੰ ਇਹ ਸਮਝਾਵਾਂ ਸੁਣਕੇ ਉਹਦਾ ਦੁੱਖ,
ਜੇ ਮੈਂ ਰੋਣਾ ਚਾਹੁੰਦਾ ਸੀ ਤੇ ਕਾਹਨੂੰ ਹੱਸ ਪਿਆ ।
ਜੇ ਮੇਰੇ ਹੱਥ-ਵਸ ਹੋਵੇ ਤੇ ਉਹਨੂੰ ਜਾਣ ਨਾ ਦੇਵਾਂ,
ਐਵੇਂ ਮੁੜ-ਮੁੜ ਸੋਚੀ ਜਾਵਾਂ ਮੈਂ ਬੇਵਸ ਪਿਆ ।
ਛਾਤੀ ਤੇ ਸਿਰ ਰੱਖਕੇ ਉਸ ਨੇ ਬੁੱਕ-ਬੁੱਕ ਹੰਝੂ ਕੇਰੇ,
ਤਿੱਸੀ ਰੂਹੀ ਉੱਤੇ 'ਅੰਜੁਮ' ਬੱਦਲ ਵੱਸ ਪਿਆ ।