ਐਨੇ ਸਹੇ ਨੇ ਗ਼ਮ ਕਿ ਕੋਈ ਗ਼ਮ ਨਹੀਂ ਰਿਹਾ

ਐਨੇ ਸਹੇ ਨੇ ਗ਼ਮ ਕਿ ਕੋਈ ਗ਼ਮ ਨਹੀਂ ਰਿਹਾ।

ਜਾਂ ਸਮਝ ਲਉ ਗ਼ਮਾਂ 'ਚ ਕੋਈ ਦਮ ਨਹੀਂ ਰਿਹਾ।

ਅੱਜਕੱਲ੍ਹ ਕਲਾਵੇ ਦੋਸਤੋ ਫੰਧੇ ਨੇ ਹੋ ਗਏ,

ਗਲ ਨਾਲ ਲਗ ਕੇ ਮਿਲਣ ਦਾ ਮੌਸਮ ਨਹੀਂ ਰਿਹਾ।

ਏਥੇ ਤਾਂ ਵਾੜ ਖੇਤ ਨੂੰ ਹੈ ਖਾਣ ਲਗ ਪਈ,

ਹੁਣ ਨੇਕ ਨੀਯਤ ਆਪਣਾ ਹਾਕਮ ਨਹੀਂ ਰਿਹਾ।

ਦਿਲ ਦਾ ਰੁਮਾਲ ਤੇਰਿਆਂ ਫ਼ਿਕਰਾਂ ਨੇ ਖਾ ਲਿਆ,

ਗ਼ਮ ਕਿਸ ’ਚ ਬੰਨੀਏ ਕੁਈ ਦਾਮਨ ਨਹੀਂ ਰਿਹਾ।

ਉਂਝ ਤਾਂ ਬੜੇ ਨੇ ਕੱਪੜੇ ਬਾਜ਼ਾਰ ਵਿਚ ਪਰ,

ਜੋ ਓਸਨੇ ਸੀ ਪਹਿਨਣਾ ਰੇਸ਼ਮ ਨਹੀਂ ਰਿਹਾ।

ਘੁੰਗਰਾਲੇ ਵਾਲ ਹੋ ਗਏ ਸਿੱਧੇ ਉਮਰ ਦੇ ਨਾਲ,

ਉਸ ਜ਼ੁਲਫ਼ ਵਿਚ ਪੇਚ ਜਾਂ ਕੁਈ ਖਮ ਨਹੀਂ ਰਿਹਾ।

ਲੈ ਚਲ ਤੂੰ ਅਜ਼ਰਾਈਲ ਮੈਂ ਹਾਂ ਜਾਣ ਨੂੰ ਤਿਆਰ,

ਪਰ ਮੇਰੇ ਕਰਜ਼ ਦਾ ਕੁਈ ਜਾਮਨ ਨਹੀਂ ਰਿਹਾ।

‘ਅਜਮੇਰ’ ਫਿਰਦਾ ਏਂ ਕਿਉਂ ਬੇ-ਚੈਨ ਰਾਤ-ਦਿਨ,

ਇਸ ਤੋਂ ਬਿਨਾਂ ਕੀ! ਕੋਲ ਤੇਰੇ ਕੰਮ ਨਹੀਂ ਰਿਹਾ?

📝 ਸੋਧ ਲਈ ਭੇਜੋ