ਏਸੇ ਬਦਨ ’ਚੋਂ ਨਫ਼ਰਤਾਂ

ਏਸੇ ਬਦਨ ’ਚੋਂ ਨਫ਼ਰਤਾਂ ਏਸੇ 'ਚੋਂ ਪਿਆਰ ਕਿਉਂ!

ਜਿਸ ਡਾਲ਼ੋਂ ਫੁੱਲ ਫੁੱਟਦੈ ਓਸੇ ’ਚੋਂ ਖ਼ਾਰ ਕਿਉਂ!

ਮੌਸਮ ਮਿਲੇ ਤਾਂ ਓਸਨੂੰ ਪੁੱਛਣਾ ਹੈ ਯਾਦ ਨਾਲ,

ਇੱਕੋ ਬਿਰਖ ਤੇ ਬੈਠਦੀ ਪੱਤਝੜ ਬਹਾਰ ਕਿਉਂ !

ਗੁੱਸੇ ਦੀ ਥਾਂ ਹੈ ਹੰਝੂਆਂ ਨੇ ਲੈ ਲਈ ਕਿਵੇਂ,

ਜਿਸ ਅੱਖ ਵਿਚ ਅੱਗ ਸੀ ਬਰਸੀ ਫ਼ੁਹਾਰ ਕਿਉਂ !

ਆਉਂਦਾ ਸਮਝ ’ਚ ਜ਼ਿੰਦਗੀ ਦਾ ਮਾਜਰਾ ਨਹੀਂ,

ਜਿਸ ਦਿਲ ਚ ਵੈਰੀ ਵਸ ਰਿਹੈ ਵੱਸਦਾ ਹੈ ਯਾਰ ਕਿਉਂ !

ਸੁੱਤੇ ਪਿਆਂ ਹੀ ਬਣ ਗਏ ਕਬਰਾਂ ਨੇ ਬਿਸਤਰੇ,

ਜਿਸ ਥਾਂ ਤੇ ਫੁੱਲ ਸੀ ਵਿਛੇ, ਡਿੱਗੇ ਪਹਾੜ ਕਿਉਂ !

‘ਅਜਮੇਰ’ ਭੀੜ ਹਰ ਗਲੀ ਦੀ ਉਠ ਗਈ ਕਿਧਰੇ,

ਇਹ ਸ਼ਹਿਰ ਐਨੀ ਹੋ ਗਿਆ ਜਲਦੀ ਉਜਾੜ ਕਿਉਂ।

📝 ਸੋਧ ਲਈ ਭੇਜੋ