ਐਤਕੀਂ ਤੇ ਇਸ ਤਰ੍ਹਾਂ ਆਇਆ

ਐਤਕੀਂ ਤੇ ਇਸ ਤਰ੍ਹਾਂ ਆਇਆ ਏ ਰੇਲਾ ਕਹਿਰ ਦਾ ।

ਬੱਚਾ-ਬੱਚਾ ਸਹਿਮਿਆ ਲਗਦਾ ਏ ਮੇਰੇ ਸ਼ਹਿਰ ਦਾ ।

ਉੱਠਣੀ ਏਂ ਕੋਈ ਨੇਰ੍ਹੀ ਇਸ ਸਮੇਂ ਦੀ ਕੁੱਖ ਚੋਂ,

ਕਹਿ ਰਿਹਾ ਏ ਰੰਗ ਅਸਮਾਨਾਂ ਤੇ ਛਾਈ ਗਹਿਰ ਦਾ ।

ਭਾਵੇਂ ਕਿੰਨਾਂ ਜਬਰ ਹੋਵੇ, ਭਾਵੇਂ ਕਿੰਨੀਆਂ ਸਖ਼ਤੀਆਂ,

ਮੋੜਨਾ ਰੁਖ ਔਖਾ ਏ ਜ਼ਿਹਨਾਂ ਚੋਂ ਉੱਠੀ ਲਹਿਰ ਦਾ ।

ਜ਼ੁਲਮ ਦੀ ਹੱਦ ਜਾਪਦੈ ਹੁਣ ਖ਼ਾਤਮੇਂ ਤੇ ਆ ਗਈ,

ਲੰਮਾਂ ਪਰਛਾਵਾਂ ਸਦਾ ਹੁੰਦਾ ਏ ਪਿਛਲੇ ਪਹਿਰ ਦਾ ।

ਰੋਸ਼ਨੀ ਦੀ ਕਿਰਨ ਫੁੱਟੇ ਕੋਈ ਦੀਵਾ ਤੇ ਜਗੇ,

ਵੇਖਾਂਗੇ ਫਿਰ ਏਹ ਹਨ੍ਹੇਰਾ ਕਿਸ ਤਰ੍ਹਾਂ ਏ ਠਹਿਰਦਾ ।

ਹੋਵੇਗੀ ਸੈਰਾਬ 'ਸ਼ੈਦਾ' ਦਿਲ ਦੀ ਧਰਤੀ ਅੰਤ ਨੂੰ,

ਜ਼ਾਏ ਪਾਣੀ ਤੇ ਨਹੀਂ ਜਾਣਾ ਹੰਝੂਆਂ ਦੀ ਨਹਿਰ ਦਾ ।

📝 ਸੋਧ ਲਈ ਭੇਜੋ