ਐਵੇਂ ਉਹਨੂੰ ਤੜੀਆਂ ਦਿੱਤੀਆਂ ਕੂਚ ਅਸਾਂ ਕਰ ਜਾਣੈ ।
ਉਹਦੇ ਸ਼ਹਿਰੋਂ ਦੂਜੀ ਥਾਵੇਂ ਕਿਹੜੇ ਕਾਫ਼ਰ ਜਾਣੈ ।
ਖ਼ਾਬਾਂ ਵਿਚ ਵੀ ਤੱਕੀਆਂ ਨਹੀਂ ਸਨ ਸਾੜਣ ਵਾਲੀਆਂ ਥਾਵਾਂ,
ਕਦੀ ਖ਼ਿਆਲ ਵੀ ਆਇਆ ਨਹੀਂ ਸੀ ਧੁੱਪੇ ਵੀ ਸੜ ਜਾਣੈ ।
ਸ਼ਾਖ਼ਾਂ ਜਿਹੜੇ ਸਾਵੇਂ ਪੱਤਰ ਕੁੱਛੜ ਚਾਏ ਹੋਏ,
ਪੀਲੀ ਰੁੱਤ ਵਿਚ ਖ਼ਬਰੈ ਇਨ੍ਹਾਂ ਕਿੱਧਰ-ਕਿੱਧਰ ਜਾਣੈ ।
ਰੌਣਕ ਪਿੱਛੋਂ ਹੋਣੀ ਏ ਕੁੱਝ ਗੂੜ੍ਹੀ ਹੋਰ ਉਦਾਸੀ,
ਮੇਲੇ ਨੇ ਕੁੱਝ ਹੋਰ ਵੀ ਕੱਲਿਆਂ ਲੋਕਾਂ ਨੂੰ ਕਰ ਜਾਣੈ ।
ਮੰਜ਼ਿਲ ਤੇ ਜਾ ਅੱਪੜੇ 'ਅਨਵਰ' ਪੈ ਗਏ ਜਿਹੜੇ ਪੈਂਡੇ,
ਪੁੱਛਣ ਵਾਲੇ ਪੁੱਛਦੇ ਰਹਿ ਗਏ ਕਿੱਥੋਂ ਤੀਕਰ ਜਾਣੈ ।