ਐਵੇਂ ਭੁੱਲ਼ ਏ ਕਦ ਪਨ੍ਹਾਵਾਂ ਦੇਂਦੇ

ਐਵੇਂ ਭੁੱਲ਼ ਏ ਕਦ ਪਨ੍ਹਾਵਾਂ ਦੇਂਦੇ 

ਬਹੁਤੇ ਉੱਚੇ ਰੁੱਖ ਨਈਂ ਛਾਵਾਂ ਦੇਂਦੇ

ਹੱਸ ਕੇ ਤੱਕ ਈ ਲੈਂਦੋਂ ਤੇ ਇਹ ਕਮਲੇ 

ਚੰਨਾ ਤੈਨੂੰ ਰੋਜ਼ ਦੁਆਵਾਂ ਦੇਂਦੇ

ਰਾਹਵਾਂ ਵਿਚੋਂ ਰਾਹ ਏ ਕੱਢਣੀ ਪੈਂਦੀ 

ਇੱਥੇ ਲੋਕੀਂ ਉਂਜ ਨਈਂ ਰਾਹਵਾਂ ਦੇਂਦੇ

ਜਾਗੋ ਜਾਗੋ ਸੁੱਤੇ ਲੋਕੋ ਜਾਗੋ 

ਪਏ ਨੇ ਮੇਰੇ ਸ਼ਿਅਰ ਸਦਾਵਾਂ ਦੇਂਦੇ

ਦਿਲ ਨੂੰ ਦਿਲ ਦੀ ਭੁੱਲ ਨਈਂ ਭੁੱਲਣ ਦਿੱਤੀ 

ਇਸ ਤੋਂ ਵੱਧ ਕੀ ਹੋਰ ਸਜ਼ਾਵਾਂ ਦੇਂਦੇ

ਉੱਜੜੇ ਆਂ ਤੇ ਵਾਤ ਵੀ ਨਈਂ ਏ ਪੁੱਛੀ 

ਰਹਿੰਦੇ ਸਨ ਜੋ ਨਿੱਤ ਸਲਾਹਵਾਂ ਦੇਂਦੇ

ਅੱਗੇ ਤੋਂ ਨਾ ਇੱਕ ਖ਼ਤਾ ਵੀ ਕਰਦੇ 

ਸੱਜਣ ਜੇਕਰ ਦੱਸ ਖ਼ਤਾਵਾਂ ਦੇਂਦੇ

ਸੋਹਣੇ ਤੇ ਮਨ ਮੋਹਣੇ ਮੁੱਖੜੇ ‘ਸੰਧੂ’ 

ਹੱਸ ਕੇ ਦੱਸ ਖਾਂ ਰੋਕ ਨਈਂ ਸਾਹਵਾਂ ਦਿੰਦੇ?

📝 ਸੋਧ ਲਈ ਭੇਜੋ