ਕਿਹੜੀ ਕੂਕ ਗਹਿਰ ਵਿਚ ਡੁੱਬੀ
ਧੂੜਾਂ ਤੋੜ ਪਿਆਸੀ ?
ਜੋ ਵੀ ਤੀਰ ਗਹਿਰ ਵਿਚ ਖੁੱਭਿਆ
ਸੋਈ ਭਇਆ ਉਦਾਸੀ।
ਸਿਖਰ ਦੁਪਹਿਰਾਂ ਲਹੂ ਕੇਰ ਕੇ
ਸਾਜ ਲੈਣਗੀਆਂ ਤਾਰੇ,
ਛੱਡ ਸ਼ਮਸ਼ੀਰਾਂ ਤੁਰ ਜਾਵਣਗੇ
ਦਰ ਤੇਰੇ ਬਨਬਾਸੀ।
ਜੋ ਅਸਮਾਨ ਤੇਰੇ ਦਰਵੇਸ਼ਾਂ
ਨਜ਼ਰ ਤੇਰੀ ਲਈ ਸਾਜੇ,
ਡੂੰਘੇ ਪੰਧ 'ਵਾਜ ਕੋਈ ਸੁਣਦੇ
ਹੋ ਸੱਥਰਾਂ ਦੇ ਵਾਸੀ।
ਸੂਲ ਸੁਰਾਹੀ ਖੰਜਰ ਚਮਕੇ
ਕਟਕ ਚਾੜ੍ਹ ਸਿਰਹਾਨੇ,
ਗਾਨੀ ਬੰਨ੍ਹ ਰਣਾਂ ਦੇ ਗਲ ਵਿਚ
ਪਾਉਂਦੇ ਬੀਰ ਖ਼ਲਾਸੀ।
ਜਦ ਅਸਮਾਨ ਖੰਜਰ ਦੇ ਸਿਖਰੀਂ
ਬੂੰਦ ਪੀਣ ਲਈ ਚੜ੍ਹਿਆ,
ਤੇਰੇ ਮਸਤਕ ਅਜ਼ਲ ਕਾਫ਼ਲਾ
ਲਹੂ ਲੁਹਾਣ ਹੋ ਜਾਸੀ।
ਗਲ ਵਿਚ ਪਾਇ ਫ਼ਜਰ ਦੀ ਗਾਨੀ
ਵਿਚ ਮਜ਼ਾਰਾਂ ਭਾਉਣਾ
ਹੇਕ ਨੂੰ ਤੋੜ ਰਹੀ ਵਿਚਕਾਰੋਂ
ਨਾਗਾਂ ਨਾਲ ਹੁਲਾਸੀ।
ਬਿਰਖ ਤੂਫ਼ਾਨਾਂ ਦੇ ਨਾਲ ਭਿੜਕੇ
ਸਿੰਧ ਛਾਤੀਏਂ ਸੁੱਤੇ,
ਰਾਤ ਚੀਖਦੀ ਮੁੱਠੀ ਦੇ ਵਿਚ
ਬਲਦੇ ਕੋਟ ਚੁਰਾਸੀ।
ਸ਼ੁਤਰ-ਸੁਆਰ ਦੀ 'ਵਾਜ ਸੁਹਾਣੀ
ਫ਼ਜਰ ਵੇਲੜੇ ਉੱਠੀ,
ਛਾਲੇ ਹੇਠ ਜ਼ਿਮੀਂ ਤਿਰਹਾਈ
ਤਕਦੇ ਨੈਣ ਵਿਲਾਸੀ।
ਹੇਠ ਸਿਰ੍ਹਾਨੇ ਜ਼ਿਮੀਂ ਵਿਲਕਦੀ
ਸੱਥਰ ਵਣ ਵਣ ਵਿਛਿਆ,
ਨਾਗ ਦੀ ਨਜ਼ਰ ਹਵਾ ਵਿਚ ਖੁਭਦੀ
ਤਕਦੇ ਨੀਲ ਆਗਾਸੀ।
ਹਵਾ ਦੇ ਲੂੰ ਲੂੰ ਦੇ ਵਿਚ ਕੁੰਡਲ
ਨਾਗ ਨਪੀੜਣ ਜਿੰਦਾਂ,
ਅਰਸ਼-ਨਾਭ ਤੋਂ ਤਪਦੇ ਭੱਠ ਤਕ
ਲਟਕ ਰਹੀ ਇਕ ਫਾਸੀ।
ਕੋਈ ਨਿਚੋੜ ਦਿਉ ਰਗ ਮੇਰੀ
ਹਵਾ ਦੇ ਲੂੰ ਲੂੰ ਉੱਤੇ,
ਏਸ ਜ਼ਿਮੀਂ ਨੂੰ ਮੋੜ ਦਿਉ ਕੁਝ
ਹੂੰਗਰ ਚੜ੍ਹੇ ਚੌਪਾਸੀ।
ਪੈੜਾਂ ਹੇਠ ਲਹੂ ਦੀ ਹੂੰਗਰ...
ਨਜ਼ਰ ਸੁਹਾਣੀ ਭੇਜੋ,
ਤੋੜ ਸੁੱਟੋ ਮਸਤਕ ਦੇ ਵਿੱਚੋਂ
ਸੂਰਜ ਕੋਈ ਉਦਾਸੀ।
ਚੀਖ਼ ਮਾਰ ਹਵਾ ਦੇ ਅੰਦਰ
ਮੈਂ ਰੋਹੀਏਂ ਤੁਰ ਜਾਣਾ,
ਮੋੜ ਲਵੋ ਦਰਵੇਸ਼ਾਂ ਨੂੰ ਹੁਣ
ਥਲ ਦੇ ਰੰਗ ਵਿਣਾਸੀ।
“ਸੁੱਟੋ ਨਜ਼ਰ ਫ਼ਜਰ ਦੇ ਆਖ਼ਿਰ"
ਰੋ ਕੇ ਕਿਹਾ ਮੁਰੀਦਾਂ,
“ਉਮਰ ਦੇ ਮੋੜ ਰੇਤ ਵਿਚ ਦੱਬੇ
ਸੁੰਨ ਖੜੀ ਅਬਿਨਾਸੀ।”