ਕਹਿੰਦੇ ਨੇ ਜੇ ਸੱਪ ਸੌ ਸਾਲ ਦੀ ਉਮਰ ਟੱਪ ਜਾਵੇ

ਉਹ ਛਲੇਡਾ ਬਣ ਜਾਂਦਾ ਹੈ

ਭੂਤ ਪ੍ਰੇਤ ਬਣ

ਕਿਸੇ ਵੀ ਜਾਨਵਰ ਜਾਂ ਬੰਦੇ ਦਾ

ਕੋਈ ਵੀ ਰੂਪ ਧਾਰ ਕੇ

ਛਲ਼ ਸਕਦਾ ਹੈ।  

ਐਪਰ ਇਹ ਇੱਕ ਅਲੋਕਾਰੀ ਛਲੇਡਾ ਹੈ

ਜੋ ਸਿਰਫ ਨਰ ਦੇ ਸਰੀਰ ਵਿੱਚ ਦਾਖ਼ਲ ਹੋ

ਕਦੇ ਬਿੱਛੂ ਕਦੇ ਸੱਪ ਬਣ

ਸਿਰਫ਼  ਮਾਦਾ ਨੂੰ ਡੰਗਦਾ ਹੈ ,ਡਰਾਉਂਦਾ ਹੈ

ਕਦੇ ਕੁੱਤਾ ,ਭੇੜੀਆ ਚੀਤਾ ਬਣ

ਔਰਤਾਨਾ ਬਦਨ ਨੋਚਦਾ ,ਖਾਂਦਾ ਹੈ

ਘਰਾਂ ਦੇ ਅੰਦਰ ਚੂਹਾ ਬਣ

ਔਰਤਾਂ ਦੇ ਕੱਪੜੇ ਕੁਤਰ ਜਾਂਦਾ ਹੈ

ਤੇ ਘਰਾਂ ਦੇ ਬਾਹਰ

ਕਾਂ ਬਣਕੇ ਠੂੰਗਾਂ ਝਪਟਾਂ ਮਾਰ ਜਾਂਦਾ ਹੈ

ਕਦੇ ਕਦੇ ਖੂੰਖਾਰ ਗਿਰਝ ਬਣ

ਬਾਲੜੀ,ਮੁਟਿਆਰ , ਬਿਰਧ

ਕਿਸੇ ਵੀ ਉਮਰ ਦੀ ਮਾਦਾ ਨੂੰ

ਆਪਣਾ ਸ਼ਿਕਾਰ ਬਣਾਉਂਦਾ ਹੈ

--

ਸਾਰੀ ਬਸਤੀ ਦੀਆਂ ਮਾਦਾਵਾਂ

ਇਸਤੋਂ ਭੈ-ਭੀਤ ਨੇ

ਕਦਮ ਕਦਮ ਤੇ ਇਹ ਹਵਸੀ ਛਲੇਡਾ

ਉਹਨਾਂ ਦਾ ਪਿੱਛਾ ਕਰਦਾ ਹੈ

ਹਰ ਨਾਰੀ ਦਾ ਦਿਲ

ਇਸਤੋਂ ਹਰ ਪਲ ਡਰਦਾ ਹੈ । 

ਕੁਝ ਨਾਰੀਵਾਦੀ ਹੌਸਲਾ ਕਰਕੇ

ਇਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀਆਂ ਨੇ

ਪਰ ਉਹ ਮਰਦ ਦੇ ਅੰਦਰਲੇ ਛਲੇਡੇ ਦੀ ਬਜਾਏ

ਮਰਦ ਨੂੰ ਹੀ ਨਿਸ਼ਾਨਾ ਬਣਾ ਧਰਦੀਆਂ ਨੇ

ਇੰਜ ਮਰਦ ਦੇਹ ਅੰਦਰ ਛੁਪਿਆ

ਛਲੇਡਾ ਹੋਰ ਵੀ ਮਹਿਫ਼ੂਜ ਹੋ ਜਾਂਦਾ ਹੈ

ਉਹ ਹੋਰ ਊਧਮ ਮਚਾਉਂਦਾ ਹੈ

ਹਰ ਘਰ ,ਗਲ਼ੀ-ਮੁਹੱਲੇ, ਚੌਕ ਤੇ ਦਨਦਨਾਉਂਦਾ ਹੈ । 

ਸੱਪ ਤਾਂ ਸੌ ਸਾਲ ਬਾਅਦ ਪਤਾ ਨਹੀਂ

ਛਲੇਡਾ ਬਣਦਾ ਹੋਵੇਗਾ ਕਿ ਨਹੀਂ

ਮਰਦ ਦੇ ਅੰਦਰਲੇ ਛਲੇਡੇ ਦੀ ਉਮਰ

ਤਾਂ ਹਜ਼ਾਰਾਂ ਸਾਲ ਹੈ

ਇਹ ਛਲੇਡਾ ਮਹਾਂ- ਛਲੇਡਾ ਬਣਦਾ ਜਾ ਰਿਹਾ ਹੈ ...

ਮਾਂ ਪੁੱਤਰ ਪੈਦਾ ਕਰਦੀ ਹੈ

ਅਸੀਂ ਤੁਸੀਂ ਸਾਰੇ ਮਿਲ਼ਕੇ ਉਸਦੇ ਅੰਦਰ

ਛਲੇਡਾ ਪੈਦਾ ਕਰਦੇ ਹਾਂ। 

📝 ਸੋਧ ਲਈ ਭੇਜੋ