(ਫਲਾਇਡ ਕਿਆਂ ਦੇ ਨਾਮ - ਅਮਰੀਕਾ ਵਿੱਚ ਗੋਰੇ
ਪੁਲਿਸ ਕਰਮੀ ਹੱਥੋਂ ਨਸਲੀ ਹਿੰਸਾ ਦੇ ਕਾਰਣ ਮਾਰੇ
ਗਏ ਜੋਰਜ ਫਲਾਇਡ ਸਮੇਤ ਉਹਨਾਂ ਸਾਰੇ ਲੋਕਾਂ
ਨੂੰ ਸਮਰਪਿਤ ਜੋ ਸਦੀਆਂ ਤੋਂ ਨਸਲੀ ਹਿੰਸਾ ਦਾ
ਸ਼ਿਕਾਰ ਹੁੰਦੇ ਆ ਰਹੇ ਹਨ )
ਜੌਰਜ ਫਲਾਇਡ ਦਾ ਮਰਨਾ
ਮਹਿਜ਼ ਕੱਲਾ-ਕਾਰਾ
ਕਾਲ਼ਾ ਕਾਰਾ ਨਹੀਂ
ਜੌਰਜ ਫਲਾਇਡ ਨੂੰ ਮਾਰਨ ਵਾਲਾ
ਗੋਰਾ , ਮਹਿਜ਼ ਇੱਕ ਹਤਿਆਰਾ ਨਹੀਂ
ਇਹ ਅਜ਼ਲਾਂ ਤੋਂ ਫਲਾਇਡ ਕਿਆਂ ਨੂੰ
ਅਜਲ ਵੰਡਣ ਦਾ ਪੂਰੇ ਦਾ ਪੂਰਾ ਵਰਤਾਰਾ ਹੈ।
ਜਦੋਂ ਕੋਈ ਫਲਾਇਡ ਮਾਰਿਆ ਜਾਂਦਾ ਹੈ
ਤਾਂ ਉਸ ਨਾਲ਼ ਥੋੜਾ ਜਿਹਾ
ਮਾਰਟਿਨ ਲੂਥਰ ਕਿੰਗ ਵੀ ਮਰਦਾ ਹੈ
ਨੈਲਸਨ ਮੰਡੇਲਾ ਵੀ ਮਰਦਾ ਹੈ
ਤੇ ਅੰਬੇਦਕਰ ਵੀ
ਪਰ ਹਾਂ
ਇਹ ਸਭ ਜਿੰਦਾ ਵੀ ਹੋ ਜਾਂਦੇ ਨੇ
ਜਦੋਂ ਕੋਈ ਜੌਰਜ ਫਲਾਇਡ ਮਾਰਿਆ ਜਾਂਦਾ ਹੈ
ਜਦੋਂ ਲੋਕਾਂ ਦਾ ਖੂਨ ਉਬਾਲ਼ਾ ਖਾਂਦਾ ਹੈ
ਅਜ਼ਲਾਂ ਤੋਂ ਫਲਾਇਡ ਕਿਆਂ ਮਗਰ ਲੱਗੀ
ਅਜਲ ਨੂੰ ਮਾਰਨ ਲਈ
ਜੋ ਸਦੀਆਂ ਤੋਂ ਜ਼ਹਰੀਲੇ ਸੱਪ ਵਾਂਗ ਡੱਸਦੀ ਆ ਰਹੀ ਹੈ
ਜੋ ਹਾਲੇ ਵੀ ਵਿਸ ਘੋਲ਼ੀ ਜਾ ਰਹੀ ਹੈ।