ਅਜੇ ਨਾ ਆਈ ਮੰਜ਼ਲ ਤੇਰੀ, ਅਜੇ ਵਡੇਰਾ ਪਾੜਾ ਏ ।

ਹਿੰਮਤ ਕਰ ਅਲਬੇਲੇ ਰਾਹੀ, ਅਜੇ ਹਨੇਰਾ ਗਾੜ੍ਹਾ ਏ ।

ਅਜੇ ਮੁਸੱਵਰ ਛਾਪ ਨਾ ਸਕਿਆ, ਦਰਦ ਦੀਆਂ ਤਸਵੀਰਾਂ ਨੂੰ ।

ਅਜੇ ਮਿਸਤਰੀ ਤੋੜ ਨਾ ਸਕਿਆ, ਇਹ ਮਜ਼੍ਹਬੀ ਜ਼ੰਜੀਰਾਂ ਨੂੰ ।

ਅਜੇ ਇਸ਼ਕ ਦਾ ਕਾਸਾ ਖਾਲੀ, ਖ਼ੈਰ ਹੁਸਨ ਨੇ ਪਾਇਆ ਨਾ ।

ਮਾਨਵਤਾ ਦੇ ਬੂਹੇ 'ਤੇ ਕੋਈ, ਰਾਂਝਾ ਮੰਗਣ ਆਇਆ ਨਾ ।

ਹਰ ਦਿਲ ਦੇ ਵਿਚ ਸ਼ਿਕਵੇ, ਝੋਰੇ, ਹਰ ਦਿਲ ਦੇ ਵਿਚ ਸਾੜਾ ਏ ।

ਅਜੇ ਬਹਾਰਾਂ ਨਹੀਂ ਚਹਿਕੀਆਂ, ਅਜੇ ਹਨੇਰਾ ਗਾੜ੍ਹਾ ਏ ।

ਅਜੇ ਕਿਰਤ ਦੀ ਚੁੰਝ ਹੈ ਖਾਲੀ, ਵਿਹਲੜ ਰੱਜ ਕੇ ਖਾਂਦੇ ਨੇ ।

ਮੁੱਲਾਂ, ਪੰਡਤ, ਭਾਈ, ਧਰਮ ਦੇ ਠੇਕੇਦਾਰ ਕਹਾਂਦੇ ਨੇ ।

ਅਜੇ ਮਨੁੱਖ ਦੀ ਕਾਇਆ ਉੱਤੇ, ਸਾਇਆ ਹੈ ਜਾਗੀਰਾਂ ਦਾ ।

ਅਜੇ ਮਨੁੱਖ ਨਾ ਮਾਲਿਕ ਬਣਿਆਂ, ਆਪਣੀਆਂ ਤਕਦੀਰਾਂ ਦਾ ।

ਅਜੇ ਕਿਸੇ ਬੇਵੱਸ ਜਿਸਮ ਦਾ, ਮਿਲਦਾ ਏਥੇ ਭਾੜਾ ਏ ।

ਅਜੇ ਨਾ ਸੁੱਤੀ ਜਨਤਾ ਜਾਗੀ, ਅਜੇ ਹਨੇਰਾ ਗਾੜ੍ਹਾ ਏ ।

ਅਜੇ ਤਾਂ ਏਥੇ ਲੋਕਾਂ ਦੇ, ਅਰਮਾਨ ਵੀ ਵੇਚੇ ਜਾਂਦੇ ਨੇ ।

ਅਜੇ ਤਾਂ ਪੈਸੇ ਪੈਸੇ ਤੋਂ, ਈਮਾਨ ਵੀ ਵੇਚੇ ਜਾਂਦੇ ਨੇ ।

ਅਜੇ ਹੈ ਪਰਬਤ ਓਡਾ ਕੋਡਾ, ਅਜੇ ਨਾ ਤੇਜ਼ ਕੁਹਾੜਾ ਏ ।

ਅਜੇ ਨਾ ਸ਼ੀਰੀਂ, ਹੱਥ ਵਟਾਇਆ, ਅਜੇ ਹਨੇਰਾ ਗਾੜ੍ਹਾ ਏ ।

ਅਜੇ ਤਾਂ ਹਿੰਸਾ ਖੁੱਲੀ ਚਰਦੀ, ਅਮਨ ਅਮਨ ਦੇ ਨਾਅਰੇ ਥੱਲੇ ।

ਅਜੇ ਹੈ ਦੁਨੀਆ ਨਰਕ ਭੋਗਦੀ, ਜੱਨਤ ਦੇ ਇਕ ਲਾਰੇ ਥੱਲੇ ।

ਅਜੇ ਨਾ ਕਾਲੇ ਬੱਦਲਾਂ ਵਿਚੋਂ, ਚਮਕੀ ਕੋਈ ਕਿਰਨ ਸੁਨਹਿਰੀ ।

ਭਾਵੇਂ ਮੰਤਰ ਯਾਦ ਅਸਾਡੇ, ਅਜੇ ਕੀਲਣੀ ਸੱਪਣੀ ਜ਼ਹਿਰੀ ।

ਅਜੇ ਅਸੀਂ ਹੈ ਰੱਬ ਨੂੰ ਦੱਸਣਾ, ਉਹ ਜਨਤਾ ਤੋਂ ਮਾੜਾ ਏ ।

ਅਜੇ ਨਾ 'ਹੂਟਰ' ਵੱਜਿਆ, ਸਾਥਿਓ, ਅਜੇ ਹਨੇਰਾ ਗਾੜ੍ਹਾ ਏ ।

📝 ਸੋਧ ਲਈ ਭੇਜੋ