ਅਜੇ ਕੁਝ ਦੇਰ ਲੱਗੇਗੀ ਕਿ ਹਾਂ ਹਾਲੇ ਨਹੀਂ ਜਾਣੇ ।
ਓ ਯਾਰੋ ਇੰਜ ਤੇ ਨਾ ਆਖੋ ਕਿ ਦਿਨ ਕਾਲੇ ਨਹੀਂ ਜਾਣੇ।
ਅਸੀਂ ਪੈਰਾਂ ਦੇ ਜ਼ਖ਼ਮਾਂ ਨੂੰ ਸ਼ਾਇਦ ਭੁੱਲ ਹੀ ਜਾਈਏ,
ਮਗਰ ਅਹਿਸਾਸ ਤੇ ਜੋ ਪੈ ਗਏ ਛਾਲੇ ਨਹੀਂ ਜਾਣੇ।
ਬੜਾ ਭਟਕੇ ਅਸੀਂ ਤੇਰੇ ਲਈ ਹੁਣ ਮਾਫ਼ ਕਰ ਦੇਵੀਂ,
ਕਿ ਸਾਥੋਂ ਹੋਰ ਉਮਰਾ ਦੇ ਵਰ੍ਹੇ ਗਾਲੇ ਨਹੀਂ ਜਾਣੇ ।
ਜਿ ਪੁੰਨੂੰ ਮੁੜ ਵੀ ਆਵੇ ਦਰਦ ਤਾਂ ਬਣਿਆ ਹੀ ਰਹਿਣਾ ਹੈ,
ਕਿ ਸੱਸੀ ਦੀ ਕਥਾ 'ਚੋਂ ਡਾਚੀਆਂ ਵਾਲੇ ਨਹੀਂ ਜਾਣੇ।
ਬੜੀ ਨੀਂਦਰ ਹੰਢਾਈ ਹੈ ਤੁਸਾਂ ਵੇਲੇ ਦੇ ਮਨਸੂਰੋ,
ਰਤਾ ਜਾਗੋ ਸਮੇਂ ਦੇ ਸੁਆਲ ਹੁਣ ਟਾਲੇ ਨਹੀਂ ਜਾਣੇ।
ਨਹੀਂ ਕੁਝ ਅਰਥ ਕੋਈ ਜਿਸਮ ਜੇ ਮੰਦਰ ਵੀ ਬਣ ਜਾਏ,
ਜੇ ਮਨ 'ਚੋਂ ਮੱਕੜੀ ਤੇ ਜ਼ਿਹਨ 'ਚੋਂ ਜਾਲੇ ਨਹੀਂ ਜਾਣੇ।