ਅਜੇ ਤਾਂ ਰਾਤ ਕਾਲੀ ਦਾ ਲਿਸ਼ਕਦਾ ਸਿਖ਼ਰ ਤੇ ਤਾਰਾ।
ਸੁਬ੍ਹਾ, ਆਈ ਤਾਂ ਤੇਰੇ ਲੌਂਗ ਦਾ ਵੇਖਾਂਗੇ ਲਿਸ਼ਕਾਰਾ।
ਨਗਰ ਕੇਹਾ ਕਿ ਏਥੇ ਤਾਂ ਸਲੀਬਾਂ ਘੜ ਰਿਹੈ ‘ਈਸਾ’
ਬਚਾਕੇ ਹੋਂਦ ਨੂੰ ਲੰਘੇਗਾ ਕਿਸ ਬਾਜ਼ਾਰ 'ਚੋਂ ਯਾਰਾ।
ਬੇ-ਕਾਰੀ, ਪੀਲੀਆਂ ਸ਼ਾਮਾਂ ਤੇ ਗਿਰਵੀ ਹੋ ਗਏ ਮਹਿਬੂਬ,
ਹੈ ਮੈਨੂੰ ਦੇਣ ਨੂੰ ਬਚਿਆ ਕੀ ਤੇਰੇ ਕੋਲ ‘ਦਿਲਦਾਰਾ'।
ਹੈ ਕੇਹਾ ਘਰ ਕਿ ਕੱਟੇ ਦਿਨ ਕਿਰਾਏਦਾਰ ਤੋਂ ਬਦਤਰ,
ਰਗਾਂ ਤੇ ਹਰ ਸਮੇਂ ਟਿਕਿਆ ਰਿਹਾ ਖੰਜਰ ਹੀ ਦੋ-ਧਾਰਾ।
ਅਚਾਨਕ ਨੀਂਦ ਟੁੱਟ ਜਾਂਦੀ ਅਚਾਨਕ ਜਿੰਦ ਰੁਸ ਜਾਂਦੀ,
ਗਲ਼ੀ ਖ਼ਵਾਬਾਂ ਦੀ ਲੰਘਦਾ ਜਦ ਤਿਰੀ ਝਾਂਜਰ ਦਾ ਛਣਕਾਰਾ।
ਸੁਬ੍ਹਾ ਹੋਈ, ਬੁਝੇ ਦੀਵੇ, ਪਤਾ ਤਕ ਵੀ ਨਹੀਂ ਲੱਗਾ,
ਸੁਣਾਉਂਦਾ ਬਾਤ ਸੀ ਕਿਹੜਾ ਤੇ ਭਰਦਾ ਕੌਣ ਹੁੰਗਾਰਾ।
ਹਵਾ ਪੀਲੀ ਕਰੇ ਦਸਤਕ ਜਦੋਂ ਦਰ ਦਰ ਤੇ ਮੈਂ ਸੋਚਾਂ,
ਅਪਾਹਜ ਮੌਸਮਾਂ ਤੋਂ ਕਿਸ ਸਮੇਂ ਹੋਵੇਗਾ ਛੁਟਕਾਰਾ।