ਅਜੇ ਤੀਕ ਨੇ ਓਹੀ ਸੁਖ ਤੇ ਛਾਵਾਂ ਦੇ ਸਿਰਨਾਵੇਂ
ਐਪਰ ਸਾਨੂੰ ਹੀ ਭੁੱਲੇ ਨੇ ਮਾਵਾਂ ਦੇ ਸਿਰਨਾਵੇਂ
ਜਾਂ ਤਾਂ ਹੈ ਉਹ ਬਹੁਤ ਸਿਆਣਾ ਜਾਂ ਫਿਰ ਹੈ ਉਹ ਭੋਲਾ
ਹੰਸਾਂ ਕੋਲੋਂ ਜੋ ਪੁੱਛਦਾ ਹੈ ਕਾਵਾਂ ਦੇ ਸਿਰਨਾਵੇਂ
ਕਿਸ ਨੇ ਕਿਸ ਥਾਂ ਧੋਖਾ ਦੇਣਾ ਇਸਦਾ ਪਤਾ ਨਾ ਲੱਗੇ
ਉਂਜ ਤਾਂ ਲੱਭ ਲੈਂਦੇ ਹਾਂ ਸਭ ਘਟਨਾਵਾਂ ਦੇ ਸਿਰਨਾਵੇਂ
ਦੁੱਧ ਪਿਆ ਕੇ ਜਿਸਨੇ ਕੀਤੀ ਖੂਬ ਅਸਾਡੀ ਸੇਵਾ
ਬਣੇ ਗਊਸ਼ਾਲੇ ਹੀ ਉਹਨਾਂ ਗਾਵਾਂ ਦੇ ਸਿਰਨਾਵੇਂ
ਉਹ ਜੇ ਰਹੇ ਪਿਆਸਾ ਤਾਂ ਹੁੰਦਾ ਅਫ਼ਸੋਸ ਬੜਾ ਹੈ
ਜ਼ੇਬ ਚ ਪਾ ਕੇ ਰੱਖਦਾ ਜੋ ਦਰਿਆਵਾਂ ਦੇ ਸਿਰਨਾਵੇਂ
ਰਿਸ਼ਤੇਦਾਰੀ ਦੇ ਭੈੜੇ ਦਸਤੂਰਾਂ ਕੀਤਾ ਕਾਰਾ
ਅਕਸਰ ਯਾਦ ਨਾ ਰਹਿੰਦੇ ਭੈਣ ਭਰਾਵਾਂ ਦੇ ਸਿਰਨਾਵੇਂ
ਦਿਲ ਨੂੰ ਛੱਡ ਕੇ ਏਧਰ ਓਧਰ ਭਾਲ ਰਹੇ ਨੇ ਅੱਜਕਲ੍ਹ
ਕਵੀਆਂ ਨੂੰ ਕਿਉਂ ਭੁੱਲੇ ਨੇ ਕਵਿਤਾਵਾਂ ਦੇ ਸਿਰਨਾਵੇਂ