ਨਾ ਜਿੰਦਗੀਏ, ਕਦੇ ਨਾ ਪਹੁੰਚਾਵੀਂ ਸਾਨੂੰ ਮੰਜ਼ਿਲਾਂ ਤੇ,
ਅਸੀ ਤਾਂ ਹੁਣ ਰਾਹਵਾਂ ਵਿੱਚ ਹੀ ਭਟਕਣਾ ਚਾਹੁੰਦੇ ਹਾਂ।
ਨਾ ਵੇ ਸਮਿਆਂ, ਬਣੀ ਨਾ ਮੱਲ੍ਹਮ ਸਾਡੇ ਜ਼ਖਮਾਂ ਲਈ,
ਦਰਦਾਂ ਦੀ ਅੱਗ ਵਿੱਚ ਹੀ ਸਦਾ ਤੜਫਣਾ ਚਾਹੁੰਦੇ ਹਾਂ।
ਜਾਉ ਵੇ ਦੋਸਤੋ, ਨਾ ਲੋੜ ਹੁਣ ਥੋਡੀ ਗੂੜ੍ਹੀ ਦੋਸਤੀ ਦੀ,
ਦੁਸ਼ਮਣਾਂ ਦੀਆਂ ਅੱਖਾਂ ਵਿੱਚ ਹੀ ਰੜਕਣਾ ਚਾਹੁੰਦੇ ਹਾਂ।
ਲੋਕਾਂ ਤੇ ਤਾਂ ਕੀ ਹੋਣਾ, ਹੁਣ ਖੁਦ ਤੇ ਵੀ ਵਿਸਵਾਸ਼ ਨਹੀਂ,
ਹੁਣ ਤਾਂ ਮਹਿਬੂਬ ਨੂੰ ਵੀ ਸੀਤਾ ਵਾਂਗ ਪਰਖਣਾ ਚਾਹੁੰਦੇ ਹਾਂ।
ਸਬਰ-ਸੰਤੋਖ ਨਾਲ ਬੜਾ ਸਹਿ ਲਿਆ ਜੁਲਮ ਸਰਕਾਰਾਂ ਦਾ,
ਹੁਣ ਆਵਾਰਾ ਪਸ਼ੂਆਂ ਵਾਂਗ ਅਸੀਂ ਬੜਕਣਾ ਚਾਹੁੰਦੇ ਹਾਂ।
ਸਿੱਧੂ' ਨਾ ਅਸੀਂ ਫੁੱਲ ਤੇ ਨਾ ਹੀ ਤਾਰਾ ਬਣਨਾ ਲੋਚੀਏ,
ਤੇਜ਼ਾਬੀ ਮੀਂਹ ਬਣਕੇ ਮਹਿਲਾਂ ਤੇ ਵਰਸਣਾ ਚਾਹੁੰਦੇ ਹਾਂ।