ਅਜੀਬ ਦਸਤੂਰ ਹੈ
ਮੈਂ ਆਪਣੇ ਕਿਸੇ ਸਾਥੀ ਨੂੰ
ਘਰ ਨਹੀਂ ਬੁਲਾ ਸਕਦੀ
ਮੈਂ ਆਪਣੇ ਕਿਸੇ ਜਮਾਤੀ ਨਾਲ
ਕੌਫ਼ੀ ਪੀਣ ਨਹੀਂ ਜਾ ਸਕਦੀ
ਮੈਂ ਆਪਣੇ ਕਿਸੇ ਦੋਸਤ ਨਾਲ
ਘੁੰਮਣ ਨਹੀਂ ਜਾ ਸਕਦੀ
ਪਰ ਇੱਕ ਦਿਨ
ਇੱਕ ਅਣਜਾਣ ਪੁਰਸ਼ ਨਾਲ
ਢੋਲ ਢਮੱਕੇ ਵਜਾ
ਤੋਰ ਦਿੱਤੀ ਜਾਂਦੀ ਹਾਂ
ਸਦਾ ਲਈ ਪਰਾਈ ਕਰ
ਇੱਥੇ ਹੀ ਖ਼ਤਮ ਨਹੀਂ ਹੁੰਦੀ ਗੱਲ
ਮੈਂ ਉਸ ਦੀ ਸ਼ਿਕਾਇਤ
ਨਹੀਂ ਕਰ ਸਕਦੀ ਕਿਸੇ ਕੋਲ
ਸਹਿਣੇ ਹੀ ਪੈਂਦੇ ਨੇ
ਚੁੱਪਚਾਪ ਉਸ ਦੇ ਬੋਲ
ਮੰਨਣਾ ਪੈਂਦਾ ਹੈ
ਉਸਦੇ ਧੱਕੇ ਨੂੰ
ਪਿਆਰ
ਆਪਣਾ ਸਰੀਰ ਸਾਂਝਾ ਕਰਨ ਤੋਂ
ਨਹੀਂ ਕਰ ਸਕਦੀ ਇਨਕਾਰ
ਚਾਰ ਫੇਰੇ
ਮੈਨੂੰ ਬਿਗਾਨੀ ਕਰ ਦਿੰਦੇ ਨੇ
ਜਿੱਥੇ ਕਿਸੇ ਬਿਗਾਨੇ ਨੂੰ
ਆਪਣਾ ਬਣਾ ਦਿੰਦੇ ਨੇ
ਮੇਰੇ ਆਪਣੇ ਕਹਿੰਦੇ ਨੇ
ਲੜ ਬਖ਼ਤਾਵਰਾਂ ਦੇ ਲਾਈ
ਅੱਗੇ ਤੇਰੇ ਭਾਗ ਬੱਚੀਏ
ਭੁੱਲ ਜਾਂਦੇ ਨੇ
ਭਾਗ ਤਾਂ ਤੁਸਾਂ ਬਣਾਏ
ਕੀ ਮੈਨੂੰ ਪੁੱਛਿਆ
ਲਈ ਮੇਰੀ ਰਜ਼ਾਮੰਦੀ
ਕਿਸੇ ਦੇ ਲੜ ਲਾਉਣ ਤੋਂ ਪਹਿਲਾਂ
ਮੇਰੇ ਤਾਂ ਸਰੀਰ ਤੇ ਵੀ
ਮੇਰਾ ਹੱਕ ਨਹੀਂ
ਕਿਸ ਨਾਲ ਸਾਂਝਾ ਕਰਾਂ
ਮੇਰੀ ਕੌਣ ਲੈਂਦਾ ਮਨਜ਼ੂਰੀ
ਜ਼ਿੰਦਗੀ ਬਣ ਜਾਂਦੀ ਮਜਬੂਰੀ
ਸ਼ਿਕਾਇਤ ਕਰਾਂ ਤਾਂ ਕਿਸ ਨੂੰ
ਬਿਗਾਨੇ ਤਾਂ ਬਿਗਾਨੇ
ਆਪਣੀ ਵੀ ਪਰਾਏ
ਦੱਸੋ
ਧੀ ਕਿੱਧਰ ਨੂੰ ਜਾਏ