ਸਾਡੇ ਏਥੇ
ਸਭ ਕੁਝ ਆਮ ਜਿਹਾ ਹੈ,
ਘਰਾਂ ਵਿਚ ਜਦ ਮਰਜ਼ੀ ਦਾਖਲ ਹੋ ਕੇ, ਕੋਈ ਵਰਦੀ ਵਾਲਾ
ਨਹੀਂ ਲੈਣ ਲੱਗ ਜਾਂਦਾ ਹੈ ਤਲਾਸ਼ੀ,
ਅਤੇ ਨਾ ਹੀ ਸਾਡੇ ਘਰਾਂ ਦੀ ਧੀਆਂ-ਭੈਣਾਂ ਦੀਆਂ ਅਲਮਾਰੀਆਂ ਤੋਂ,
ਉਨ੍ਹਾਂ ਦੀ ਅੰਗ ਵਸਤਰ ਕੱਢ ਕੇ
ਉਨ੍ਹਾਂ ਨੂੰ ਦੀਵਾਰਾਂ ਤੇ ਲੱਗੀਆਂ ਕਿੱਲੀਆਂ ਤੇ ਟੰਗ ਕੇ
ਜ਼ਲੀਲ ਕਰਦਾ ਹੈ,
ਸਾਡੇ ਖੇਤਾਂ ਵਿਚ
ਜਦ ਮਰਜ਼ੀ ਨਹੀਂ ਗਿਰਦੇ ਅਸਮਾਨ ਤੋਂ
ਬੰਬ ਅਤੇ ਗੋਲੇ
ਨਾ ਹੀ ਸਾਡੇ ਜਿਊਂਦੇ ਬੱਚੇ,
ਜਿਉਂਦੇ ਬੰਬ ਨੂੰ ਹੱਥ ਲਾ ਕੇ ਮਰ ਜਾਂਦੇ ਹਨ,
ਜਾਂ ਬੀਜ ਦਿੰਦੇ ਹਨ ਕੋਈ ਐਸੀ ਫਸਲ
ਜਿਨ੍ਹਾਂ ਵਿਚੋਂ ਬੰਦੂਕਾਂ ਪੈਦਾ ਹੋਣ,
ਸਾਡੇ ਘਰਾਂ ਦੇ ਜਵਾਨ ਮੁੰਡਿਆਂ ਨੂੰ
ਯਕਦਮ ਸੜਕ ਤੇ ਚਲਦੇ ਹੋਏ ਕੋਈ
ਗੋਲੀ ਮਾਰ ਮੁੱਧੇ ਮੂੰਹ ਨਹੀਂ ਗਿਰਾਉਂਦਾ,
ਅਤੇ ਨਾ ਹੀ ਕੋਈ ਉਹਨਾਂ ਨੂੰ ਅੱਤਵਾਦੀ ਕਹਿ ਕਿ,
ਇੰਝ ਘਰੋਂ ਲੈ ਜਾਂਦਾ ਹੈ ਕਿ ਉਹ ਵਾਪਸ ਨਹੀਂ ਮੁੜਦੇ,
ਪਿਛਲੀ ਸਦੀ ਦੀਆਂ ਇਹ ਗੱਲਾਂ ਹੁਣ ਏਥੇ ਨਹੀਂ ਘਟਦੀਆਂ ,
ਕਿ ਅਸੀਂ ਅਮਨ ਪਸੰਦ ਲੋਕ ਹਾਂ,
ਪਰ ਫਿਰ ਵੀ
ਅਸੀਂ ਉਨ੍ਹੀਂ ਹੀ ਸ਼ਿੱਦਤ ਨਾਲ ਜ਼ਲੀਲ ਕੀਤੇ ਜਾਂਦੇ ਹਾਂ,
ਪੁਲਿਸ ਥਾਣਿਆਂ ਤੇ ਚੌਕੀਆਂ ਵਿੱਚ
ਜਦ ਕਦੇ ਅਸੀਂ ਆਪਣੀ ਕਿਸੇ ਬੇ ਆਬਰੂ ਹੋਈ ਧੀ ਲਈ
ਇਨਸਾਫ਼ ਮੰਗਣ ਜਾਂਦੇ ਹਾਂ,
ਓਨੀ ਹੀ ਬੇਸ਼ਰਮੀ ਨਾਲ ਸਾਡੀਆਂ ਧੀਆਂ ਦੇ ਚਰਿੱਤਰ ਉਛਾਲੇ ਜਾਂਦੇ ਹਨ,
ਸਾਡੇ ਕਿਸਾਨ ਪਤਾ ਨਹੀਂ ਕੀ ਬੀਜਦੇ ਹਨ ਖੇਤਾਂ ਵਿੱਚ,
ਕਿ ਫਸਲ ਦੇ ਨਾਲ ਨਾਲ ਪੈਦਾ ਹੋ ਜਾਂਦੇ ਹਨ
ਤਮਾਮ ਕਾਰਨ ਆਤਮ ਹੱਤਿਆਵਾਂ ਦੇ,
ਨੌਕਰੀ ਲੱਭਣ ਸਵੇਰੇ ਘਰੋਂ ਨਿਕਲੇ ਸਾਡੇ ਜਵਾਨ,
ਪਤਾ ਨਹੀਂ ਕਿਉਂ ਆਥਣ ਵੇਲੇ
ਮੂਧੇ ਮੂੰਹ
ਕਿਸੇ ਸੁੰਨਸਾਨ ਪਾਰਕ ਵਿੱਚ ਨਸੇ ਵਿਚ ਧੁੱਤ ਨਜ਼ਰ ਆਉਂਦੇ ਹਨ,
ਅਸੀਂ ਅਮਨ ਪਸੰਦ ਲੋਕ ਹਾਂ,
ਪਰ ਫਿਰ ਵੀ ਕਿਉਂ ਹਰ ਦਿਨ
ਡਰੇ ਸਹਿਮੇ ਰਹਿੰਦੇ ਹਾਂ, ਤੁਹਾਡੇ ਵਾਂਗ
ਅਣਜਾਣੀ ਸ਼ੰਕਾਵਾਂ ਨਾਲ ਘਿਰੇ
ਅਜੀਬ ਗੱਲ ਹੈ!