ਅੱਜ ਫੇਰ ਦਿਲ ਕਮਲ਼ੇ ਨੂੰ ਖੋਹ ਜਿਹੀ ਲੱਗੀ ਹੋਈ ਏ

ਅੱਜ ਫੇਰ ਦਿਲ ਕਮਲ਼ੇ ਨੂੰ ਖੋਹ ਜਿਹੀ ਲੱਗੀ ਹੋਈ ਏ 

ਲੱਗਦੀ ਸੀ ਜੋ ਯਾਰ ਕਦੀ ਬਸ ਓਹ ਜਿਹੀ ਲੱਗੀ ਹੋਈ ਏ

ਬਾਬਾ ਜੀ ਮੈਂ ਧੁੱਪ ਵੀ ਪੀਨਾ ਫੇਰ ਵੀ ਪਾਲ਼ਾ ਲਹਿੰਦਾ ਨਈਂ 

ਹਾੜ ਦੇ ਵਿੱਚ ਕੋਈ ਮੇਰੇ ਪਿੱਛੇ ਪੋਹ ਜਿਹੀ ਲੱਗੀ ਹੋਈ ਏ

ਜਿਹੜੇ ਦਿਨ ਤੋਂ ਢਿੱਡ ਦਾ ਕੁੱਤਾ ਸੰਗਲ਼ੀ ਤੋੜਕੇ ਫਿਰਦਾ ਏ 

ਓਸੇ ਦਿਨ ਤੋਂ ਪੁੱਚ-ਪੁੱਚ ਤੇ ਤੋਹ-ਤੋਹ ਜਿਹੀ ਲੱਗੀ ਹੋਈ ਏ

ਸਾਡੇ ਲਹੂ ਤੋਂ ਪਹਿਲਾਂ ਜਿੰਨੂ ਵੈਰ ਕ੍ਰੋਧ ਈ ਲੱਗਦਾ ਸੀ 

ਮੈਂ ਸੁਣਿਆ ਅੱਜ ਓਸੇ ਰੁੱਖ ਨੂੰ ਮੋਹ ਜਿਹੀ ਲੱਗੀ ਹੋਈ ਏ

ਨਾ ਕਿਸੇ ਨੂੰ ਲੱਭਣਾ ਏਂ ਮੈਂ ਨਾ ਕਿਸੇ ਨੂੰ ਲੱਭਨਾ ਵਾਂ 

ਅੱਲ੍ਹਾ ਜਾਣੇ ਅੰਦਰ ਕਾਹਦੀ ਟੋਹ ਜਿਹੀ ਲੱਗੀ ਹੋਈ ਏ

ਜਦ ਵੀ ਕਰਦੇ ਘਟੀਆ ਈ ਗੱਲ ਕਰਦੇ ਨੇ ਜੋ ਓਹਨਾਂ ਨੂੰ 

ਹੋਰ ਤੇ ਕੁਝ ਨਈਂ ਮਿੱਟੀ ਖ਼ੌਰੇ ਲੋਹ ਜਿਹੀ ਲੱਗੀ ਹੋਈ ਏ

‘ਸੰਧੂ’ ਤਾਂ ਨਈਂ ਡਿੱਗਦਾ ਕੰਡ ਦੇ ਪਿੱਛੇ ਮਾਂ ਦੇ ਹੱਥਾਂ ਦੀ 

ਇੰਜ ਲੱਗਦਾ ਏ ਹਾਲੇ ਤੀਕਰ ਢੋਹ ਜਿਹੀ ਲੱਗੀ ਹੋਈ ਏ

📝 ਸੋਧ ਲਈ ਭੇਜੋ