ਅੱਜ ਵੀ ਮਾਰ ਕੇ ਧਾਹਵਾਂ ਏਧਰ ਵੀ ਤੇ ਓਧਰ ਵੀ
ਰੋਂਦੇ ਰੁੱਖ ਤੇ ਛਾਂਵਾਂ ਏਧਰ ਵੀ ਤੇ ਓਧਰ ਵੀ
ਕਿੰਜ ਪੁੱਤਰਾਂ ਲਈ ਤੜਫ਼ ਤੜਫ਼ ਕੇ ਕਬਰੀਂ ਜਾ ਵੜੀਆਂ
ਅੱਜ ਤੱਕ ਕਿੰਨੀਆਂ ਮਾਵਾਂ ਏਧਰ ਵੀ ਤੇ ਓਧਰ ਵੀ
ਰੋਂਦੇ ਰੋਜ਼ ਬਨੇਰੇ ਕਈ ਕਈ ਗੱਲਾਂ ਤੇਰੇ ਤੋਂ
ਪੁੱਛਦੇ ਹੋਣਗੇ ਕਾਂਵਾਂ ਏਧਰ ਵੀ ਤੇ ਓਧਰ ਵੀ
ਗੱਲਾਂ ਚੇਤੇ ਆਵਣ ਦਿਲ ਚਰੀਜਣ ਲੱਗ ਪੈਂਦੈ
ਵੇਖ ਕੇ ਕਣਕ ਕਪਾਵ੍ਹਾਂ ਏਧਰ ਵੀ ਤੇ ਓਧਰ ਵੀ
ਕਦ ਤੋਂ ਇੱਕ ਦੂਜੇ ਨੂੰ ਹੱਸ ਕੇ ਸੀਨੇ ਲਾਵਣ ਲਈ
ਤਰਸ ਰਹੀਆਂ ਨੇ ਬਾਹਵਾਂ ਏਧਰ ਵੀ ਤੇ ਓਧਰ ਵੀ
ਕਿੰਨੇ ਈ ਨੇ ਜਿਹੜੇ ਅੱਜ ਵੀ ਲੈ ਕੇ ਫਿਰਦੇ ਨੇ
ਹੌਕੇ ਹੰਝੂ ਹਾਵਾਂ ਏਧਰ ਵੀ ਤੇ ਓਧਰ ਵੀ
ਅੱਖਾਂ ਵਿੱਚ ਨੇ ‘ਸੰਧੂ’ ਯਾਰ ਕਿਸੇ ਨੂੰ ਭੁੱਲੀਆਂ ਨਈਂ
ਹਾਲੇ ਵੀ ਕੁਝ ਥਾਵਾਂ ਏਧਰ ਵੀ ਤੇ ਓਧਰ ਵੀ