ਜਦੋਂ ਤੈਨੂੰ ਫਾਂਸੀ ਤੇ ਟੰਗਿਆ,

ਸਾਰਾ ਦੇਸ਼ ਹੱਸਿਆ,

ਬੱਚੇ, ਬੁੱਢੇ, ਜਵਾਨ ਸਭ ਲੋਕ,

ਨੱਕੋ ਨੱਕ ਭਰ ਗਏ ਖੁਸ਼ੀਆਂ ਨਾਲ,

ਜਿਵੇਂ ਕੋਈ ਜੰਗ ਜਿੱਤੀ ਹੋਵੇ,

ਜਾਂ ਕਿਸੇ ਨੇਤਾ ਨੇ ਪੁੱਤ ਵਿਆਹਿਆ ਹੋਵੇ,

ਪਤਾ ਨਹੀਂ ਕਿਉਂ ?

ਦੇਸ਼ ਦੀ ਜਨਤਾ ਫੁੱਲੀ ਨਾ ਸਮਾਈ।

ਪਰ ਮੈਂ ਤੇ ਮੇਰਾ ਦਿਲ,

ਬੜੇ ਉਦਾਸ ਤੇ ਗਮਗੀਨ ਸਾਂ,

ਸਾਨੂੰ ਤੇਰੇ ਤੇ ਤਰਸ ਆ ਰਿਹਾ ਸੀ,

ਪਤਾ ਨੀਂ ਕਿਉਂ ?

ਸਾਇਦ ਮੈਂ ਤੇ ਮੇਰੇ ਦਿਲ ਨੇ,

ਤੇਰੇ ਕਾਲੇ ਕਾਰਨਾਮੇ ਦੀ ਬੁਨਿਆਦ,

ਤੇ ਤੇਰੇ ਮਾਪਿਆਂ ਦੀ ਗਰੀਬੀ ਤੱਕ ਲਈ ਸੀ।

ਤੂੰ ਵੀ ਬਹੁਤ ਪਿਆਰਾ ਪੁੱਤਰ ਸੈਂ,

ਮਾਪਿਆਂ ਦੀ ਅੱਖ ਦਾ ਤਾਰਾ,

ਪਰ ਕਮੀਨੀ-ਹਬਸਣ-ਕੁੱਤੀ ਗਰੀਬੀ ਨੇ,

ਮਾਪਿਆਂ ਹੱਥੋਂ ਤੈਨੂੰ ਵਿਕਾ ਦਿੱਤਾ,

ਉਹਨਾਂ ਮਾਨਵੀ ਬੰਬ ਦੇ ਵਪਾਰੀਆਂ ਕੋਲ,

ਜਿਨ੍ਹਾਂ ਦੇ ਦਿਲ ਚ ਨਫਰਤ ਦੀ ਜਹਿਰ ਭਰੀ ਏ,

ਤੇ ਜਿਹੜੇ ਸਿਰਫ ਨਫਰਤ ਦੀ ਹੀ ਗੱਲ ਕਰਦੇ ਨੇ।

ਤੂੰ ਤਾਂ ਬਿਲਕੁਲ ਕੋਰਾ ਸਫਾ ਸੀ,

ਚਿੱਟੇ ਦੁੱਧ ਵਰਗਾ,

ਤੇਰੇ ਤੇ ਇਹ ਕਾਲੇ ਅੱਖਰ,

ਮਜ੍ਹਬੀ ਤੰਗ-ਦਿਲ ਹਾਕਮਾਂ ਨੇ ਲਿਖੇ,

ਉਹਨਾਂ ਨੇ ਤੈਨੂੰ ਭੜਕਾਇਆ,

"ਭਾਰਤ ਚ ਸਾਡੀ ਕੌਮ ਤੇ ਜੁਲਮ ਹੁੰਦਾ,

ਹਿੰਦੂ ਰਾਜ ਕਰਦੇ ਨੇ ਸਾਡੀ ਕੌਮ ਤੇ"

ਤੂੰ ਨੌਜਵਾਨ ਸੀ,

ਤੇਰੇ ਖੂਨ ਨੇ ਉਬਾਲਾ ਖਾਧਾ,

ਉਹ ਮਜ੍ਹਬੀ ਹਾਕਮ ਹੱਸੇ,

ਕਿਉਂ ਜੋ ਉਹਨਾਂ ਨੂੰ ਮਾਨਵੀ ਬੰਬ ਮਿਲ ਗਿਆ ਸੀ।

ਇੱਥੇ ਤੂੰ ਇਨਸਾਨ ਨਾ ਰਿਹਾ,

ਤੈਨੂੰ ਬੰਦੇਮਾਰੂ ਹਥਿਆਰ ਬਣਾ ਦਿੱਤਾ ਗਿਆ,

ਤੇ ਫਿਰ ਤੈਨੂੰ ਘੱਲ ਦਿੱਤਾ ਭਾਰਤ 'ਚ,

ਜਿੱਥੇ ਤੇਰੀ ਸਮਝ ਮੁਤਾਬਿਕ ਕਾਫਰ ਵੱਸਦੇ ਸਨ,

ਤੇ ਜੋ ਤੇਰੀ ਕੌਮ ਤੇ ਜੁਲਮ ਕਰਦੇ ਸਨ,

ਪਰ ਜਦ ਤੂੰ ਸੱਚ ਤੱਕਿਆ ਹੋਣਾ,

ਤਾਂ ਤੈਨੂੰ ਇਹ ਬਕਵਾਸ ਲੱਗਿਆ ਹੋਣਾ,

ਤੂੰ ਕਮਾਨੋ ਨਿੱਕਲਿਆ ਤੀਰ ਸੀ,

ਰੁਕ ਨਹੀਂ ਸਕਦਾ ਸੀ।

ਫਿਰ ਤੂੰ ਸੁਰੂ ਕੀਤਾ ਆਪਣਾ ਕਾਰਜ,

ਤੂੰ ਲੋਕਾਂ ਤੇ ਅੰਨੇਵਾਹ ਗੋਲੀਆਂ ਚਲਾਈਆਂ,

ਪਲਾਂ ਚ ਲਾਸਾਂ ਦੇ ਢੇਰ,

ਚੀਕ ਚਿਹਾੜਾ, ਸੋਰ ਸਰਾਬਾ,

ਹਰ ਪਾਸੇ ਖਲਬਲੀ,

ਲਹੂ-ਲੁਹਾਣ ਚੇਹਰੇ,

"ਹਾਏ-ਹਾਏ" ਦੀਆਂ ਚੀਕਾਂ,

ਤੂੰ ਤੇ ਤੇਰੇ ਸਾਥੀ ਖੁਸ

ਤੇ ਉਹ ਮਜ੍ਹਬੀ ਹਾਕਮ ਵੀ ਖੁਸ।

ਪਰ ਕਿੰਨਾ ਚਿਰ,

ਸੌ ਸੁਨਿਆਰ ਦੀ, ਤੇ ਇੱਕ ਲੁਹਾਰ ਦੀ,

ਆਖਰ ਤੈਨੂੰ ਫੜ ਲਿਆ ਗਿਆ,

ਫੇਰ ਤੂੰ ਉਗਲੇ ਰਾਜ,

"ਮੈਨੂੰ ਭਾਰਤ ਬਾਰੇ ਭੜਕਾਇਆ ਗਿਆ,

ਮੇਰੇ ਮਾਪਿਆਂ ਗਰੀਬੀ ਵੱਸ ਵੇਚ ਦਿੱਤਾ "

ਤੂੰ ਰੋਇਆ, ਬਹੁਤ ਰੋਇਆ,

ਮਗਰਮੱਛ ਦੀਆਂ ਅੱਖਾਂ ਚ ਅੱਥਰੂ,

ਤੈਨੂੰ ਕੀਤੀ ਦਾ ਪਛਤਾਵਾ ਹੋਇਆ,

ਪਰ ਹੁਣ ਕੀ ਹੋ ਸਕਦਾ ਸੀ?

ਆਖਰ ਤੈਨੂੰ ਫਾਂਸੀ ਤੇ ਟੰਗ ਦਿੱਤਾ,

ਦੁੱਖ ਨਹੀਂ ਤੈਨੂੰ ਫਾਂਸੀ ਤੇ ਟੰਗਿਆ,

ਦੁੱਖ ਹੈ..

ਪਾਪਣ ਗਰੀਬੀ ਨੂੰ ਕਦ ਫਾਂਸੀ ਹੋਵੇਗੀ ?

ਮਜ੍ਹਬੀ ਨਫਰਤ ਨੂੰ ਕਦ ਫਾਂਸੀ ਹੋਵੇਗੀ ?

ਇਹ ਲੋਕ, ਹਿੰਦੂ, ਸਿੱਖ, ਮੁਸਲਮਾਨ ਨਾ ਹੋ ਕੇ,

ਕਦ ਸਿਰਫ ਤੇ ਸਿਰਫ ਇਨਸਾਨ ਬਣਨਗੇ ?

ਆਖਰ ਕਦ?

(ਅਜ਼ਮਲ ਕਸਾਬ=26/11 ਚ ਭਾਰਤ ਤੇ ਅੱਤਵਾਦੀ

ਹਮਲੇ ਚੋਂ ਜਿੰਦਾ ਫੜਿਆ ਅੱਤਵਾਦੀ)

📝 ਸੋਧ ਲਈ ਭੇਜੋ