ਸਮੁੰਦਰ ਵਿੱਚ ਠਿਲ੍ਹਣ ਲਈ
ਅਸੀਂ ਅਜੇ ਪੈਰ ਹੀ ਧਰਿਆ ਸੀ
ਕੁਝ ਕੁ ਕਦਮ ਹੀ ਤੁਰੇ ਸਾਂ
ਕਿ ਉਸਨੇ ਸਮੁੰਦਰ ਦੇ ਐਨ ਵਿਚਕਾਰ
ਲਹਿਰਾਂ ਦੀ ਭਿਆਨਕਤਾ ਦੇਖੀ
ਉਸਦੀਆਂ ਅੱਖਾਂ ਵਿੱਚ
ਸਹਿਮ ਦੀ ਪਰਛਾਈ ਜਿਹੀ ਉੱਭਰੀ
ਉਸਨੇ ਮੇਰੇ ਹੱਥ ’ਚੋਂ ਆਪਣਾ ਹੱਥ
ਪਿਛਾਂਹ ਨੂੰ ਖਿੱਚਿਆ
ਤੇ ਬੋਲੀ-
ਮੈਨੂੰ ਮੁੜ ਜਾਣ ਦੇ ...
ਮੈਂ ਹੈਰਾਨ ਹੋ ਕੇ
ਉਸਦੀਆਂ ਅੱਖਾਂ ਵਿੱਚ ਵੇਖਿਆ
ਪਰ ਉੱਥੇ ਤਾਂ
‘ਉਹ’ ਕਿਤੇ ਨਹੀਂ ਸੀ
ਜਿਸ ਤੇ ਵਿਸ਼ਵਾਸ ਕਰਕੇ ਮੈਂ
ਠਾਠਾਂ ਮਾਰਦੇ
ਸਮੁੰਦਰ ਵਿੱਚ ਠਿੱਲ੍ਹ ਪਿਆ ਸਾਂ
ਉਸਦੀਆਂ ਅੱਖਾਂ ਵਿੱਚ
‘ਉਹ’ ਤਾਂ ਕਿਤੇ ਵੀ ਨਹੀਂ ਸੀ
ਉੱਥੇ ਤਾਂ ਖੜੀ ਸੀ ਹੁਣ ਕੋਈ
ਅਜਨਬੀ ਜਿਹੀ ਔਰਤ
ਬੇਪਛਾਣ ਜਿਹਾ
ਕੋਈ ਵਜੂਦ
ਜਿਸਦੇ ਅੰਦਰ ਕਿੰਨੇ ਹੀ ਯੁੱਧ
ਲੜੇ ਜਾ ਰਹੇ ਸਨ ਇੱਕੋ ਵੇਲੇ
ਕਿੰਨੇ ਹੀ ਰਿਸ਼ਤਿਆਂ ਦਾ
ਮੱਚਿਆ ਸੀ ਘਮਸਾਣ ਉੱਥੇ
ਉਸਦੀਆਂ ਅੱਖਾਂ ’ਚ
ਉਹਨਾਂ ਯੁੱਧਾਂ ਦੀ
ਤਸਵੀਰ ਝਲਕਦੀ ਸੀ
ਉੱਥੇ ਮੇਰਾ ਅਕਸ ਤਾਂ
ਕਿਤੇ ਵੀ ਨਹੀਂ ਸੀ
ਮੈਂ
ਜੋ ਉਸ ਤੇ ਵਿਸ਼ਵਾਸ ਕਰਕੇ
ਠਾਠਾਂ ਮਾਰਦੇ ਸਮੁੰਦਰ ਵਿੱਚ
ਠਿੱਲ੍ਹ ਪਿਆ ਸਾਂ।