ਅਕਾਸ਼ਾਂ ਦੀ ਬੁਲੰਦੀ ਨਾਪ

ਅਕਾਸ਼ਾਂ ਦੀ ਬੁਲੰਦੀ ਨਾਪ ਕੇ ਬਣਿਆ ਖ਼ੁਦਾ ਕੋਈ ।

ਨਹੀਂ ਪਰ ਨਾਪਦਾ ਯਾਰੋ ਮੇਰੇ ਮਨ ਦਾ ਖ਼ਲਾਅ ਕੋਈ ।

ਬੜੀ ਹੀ ਬਾਵਫ਼ਾ ਹੈ ਯਾਰ ਨੇ ਜੋ ਪੀੜ ਬਖ਼ਸ਼ੀ ਹੈ,

ਅਜੇ ਤੀਕਰ ਵਿਚਾਰੀ ਨੇ ਨਹੀਂ ਕੀਤਾ ਦਗਾ ਕੋਈ।

ਅਸਾਂ ਨੂੰ ਹਟਕਣਾ ਏਂ ਰੋਣ ਤੋਂ ਪਰ ਆਪ ਰੋ ਪੈਨੈਂ, 

ਭਲਾ ਏਦਾਂ ਵੀ ਦੇਂਦਾ ਏ ਕਿਸੇ ਨੂੰ ਹੌਸਲਾ ਕੋਈ।

ਤੁਸੀਂ ਤਾਂ ਲੈ ਤੁਰੇ ਮੌਤ ਤੋਂ ਮਾਰੂਥਲਾਂ ਵੱਲੇ, 

ਅਸਾਂ ਤਾਂ ਜੀਣ ਖ਼ਾਤਰ ਭਾਲਿਆ ਸੀ ਆਸਰਾ ਕੋਈ।

ਵਫ਼ਾ ਦੇ ਕਾਤਲਾਂ ਨੂੰ ਤਾਂ ਬਣਾ ਦਿੱਤਾ ਗਿਆ ਸੂਰਜ, 

ਕਿਤੇ ਬਹਿ ਕੇ ਹਨੇਰਾ ਖਾ ਰਿਹਾ ਹੈ ਬਾਵਫ਼ਾ ਕੋਈ ।

ਪਤਾ ਕਰੀਏ ਕਿ ਓਹ ਸਰਘੀ ਦਾ ਸਿਰਜਣਹਾਰ ਨਾ ਹੋਵੇ, 

ਮੈਂ ਸੁਣਿਆਂ ਹੈ ਹਨੇਰੇ ਨਾਲ ਘੁਲਦਾ ਮਰ ਗਿਆ ਕੋਈ।

📝 ਸੋਧ ਲਈ ਭੇਜੋ