ਅੱਖਰਾਂ 'ਚ

ਜੇ ਕੁਝ ਚਿਤਰਨਾ ਹੋਵੇ

ਤਾਂ ਤੈਨੂੰ ਦੇਖੇ ਬਗ਼ੈਰ ਨਹੀਂ ਚਿਤਰ ਹੁੰਦਾ

ਹਿੱਕ ਦੀ ਅੱਗ

ਵੀ ਕਿਹੜੀ ਬਲਦੀ ਹੈ ਤੇਰੀਆਂ ਨਜ਼ਰਾਂ ਬਿਨ

ਮੱਥੇ 'ਤੇ ਜੇ ਤਾਜ ਹੋਵੇ

ਤਾਂ ਉਸ ਤੇ ਤੇਰੇ ਹੱਥਾਂ ਦੀ ਕਢਾਈ ਹੋਵੇ

ਚਾਨਣੀ ਹੋਵੇ ਤਾਂ

ਤੇਰੇ ਹੁਸਨ ਦੀਆਂ ਰਿਸ਼ਮਾਂ ਵਰਗਾ

ਪਿਆਸ ਲੱਗੇ ਤਾਂ

ਤੇਰੇ ਬੁੱਲ੍ਹਾਂ ਵਰਗੀ

ਦਰਿਆ ਲਹਿਰਾਂ ਵਹਿਣ ਤਾਂ ਤੇਰੀਆਂ ਜ਼ੁਲਫਾਂ ਵਾਂਗ

ਕੋਈ ਵਿਰਲਾ ਹੀ ਅਰਸ਼ ਹੋਣਾ

ਤੇਰੀ ਚੁੰਨੀ ਦੇ ਸਿਤਾਰਿਆਂ ਵਾਂਗ ਜਗਦਾ

ਕੋਈ ਵੱਖਰੀ ਹੀ ਰੀਝ ਹੋਣੀ

ਤੇਰੇ ਸੁਫ਼ਨਿਆਂ 'ਚ ਵਿਚਰਨ ਜੋਗੀ

ਤੂੰ ਤਾਂ ਹਨ੍ਹੇਰੀਆਂ ਰਾਤਾਂ 'ਚ ਵੀ

ਬੁਝਦੇ ਦੀਵੇ ਬਾਲ ਦੇਵੇਂ

ਤਾਰੀਖ਼ ਦੇ ਸਫ਼ੇ ਥੱਲ ਦੇਵੇਂ

ਇਕ ਹੀ ਨਖ਼ਰੇ ਨਾਲ

ਖਬਰੇ ਕੌਣ ਤੇਰੇ ਸੁਫ਼ਨੇ ਦੀ ਸੁਰਮ ਸਲਾਈ

ਮੇਰੀ ਅੱਖ 'ਚ ਪਾ ਜਾਂਦਾ ਹੈ

ਕਾਲੀ ਜੇਹੀ ਰਾਤ 'ਚ

ਕੌਣ ਰੱਖ ਦਿੰਦਾ ਹੈ

ਸਫ਼ਿਆਂ ਦੀਆਂ ਸਤਰਾਂ 'ਚ ਜੜ ਕੇ

ਇਕ ਨਵੀਂ ਨਜ਼ਮ

ਜਿਹਨੂੰ ਪੜ੍ਹਦਿਆਂ ਪੜ੍ਹਦਿਆਂ ਦਿਨ ਚੜ੍ਹ ਜਾਂਦਾ ਹੈ

ਉਦਾਸ ਜੇਹਾ ਦਿਲ ਵਿਰ ਜਾਂਦਾ ਹੈ ਘੜੀ ਪਲ

ਤੂੰ ਰੋਜ਼ ਆ ਜਾਇਆ ਕਰ ਸੁਫ਼ਨਿਆਂ 'ਚ

ਵਸੀ ਰਿਹਾ ਕਰ ਯਾਦਾਂ 'ਚ

ਫਿਰਦੀ ਰਿਹਾ ਕਰ ਫਰਿਆਦਾਂ 'ਚ

📝 ਸੋਧ ਲਈ ਭੇਜੋ