ਅੱਖਾਂ ਸਾਹਵੇਂ ਕਿੰਜ ਅੱਖਾਂ ਦੇ ਸੁੱਖ ਨੇ ਇੱਟਾਂ ਢੋਈਆਂ

ਅੱਖਾਂ ਸਾਹਵੇਂ ਕਿੰਜ ਅੱਖਾਂ ਦੇ ਸੁੱਖ ਨੇ ਇੱਟਾਂ ਢੋਈਆਂ 

ਦੁੱਖ ਹੋਇਆ ਜਦ ਫੁੱਲਾਂ ਵਰਗੇ ਮੁੱਖ ਨੇ ਇੱਟਾਂ ਢੋਈਆਂ

ਐਵੇਂ ਤੇ ਨਈਂ ਬਣ ਗਏ ਮਿੱਤਰਾ ਤੇਰੇ ਮਹਿਲ ਮੁਨਾਰੇ 

ਲੋੜ ਕਿਸੇ ਦੀ ਗਾਰਾ ਦਿੱਤਾ ਭੁੱਖ ਨੇ ਇੱਟਾਂ ਢੋਈਆਂ 

ਬਾਊਜੀ ਮੈਂ ਇੰਜ ਨਈਂ ਪੜ੍ਹਿਆ ਪੜ੍ਹਨ ਲਈ ਸਾਡੇ ਘਰ ਦੀ 

ਛਾਂ ਨੇ ਘਰ ਘਰ ਭਾਂਡੇ ਮਾਂਜੇ ਰੁੱਖ ਨੇ ਇੱਟਾਂ ਢੋਈਆਂ 

ਹੱਸਦੇ ਵੱਸਦੇ ਦੰਦੀਆਂ ਕੱਢਦੇ ਸੁੱਖ ਨੂੰ ਕਿੰਜ ਸਮਝਾਵਾਂ 

ਖ਼ੌਰੇ ਕਿਹੜੇ ਦੁੱਖੋਂ ਕਿਹੜੇ ਦੁੱਖ ਨੇ ਇੱਟਾਂ ਢੋਈਆਂ 

ਅੱਜ ਵੀ ਇੱਟਾਂ ਢੋਵਣ ਵਾਲ਼ੇ ਉਹੀਓ ਨੇ ਨਾ ‘ਸੰਧੂ’ 

ਉਹ ਜਿੰਨ੍ਹਾਂ ਦੇ ਜੰਮਣੋ ਪਹਿਲਾਂ ਕੁੱਖ ਨੇ ਇੱਟਾਂ ਢੋਈਆਂ

📝 ਸੋਧ ਲਈ ਭੇਜੋ