ਅਖ਼ਲਾਸ ਦਾ ਪੰਧ ਉਂਜ ਤੇ ਸੌਖਾ ਨਜ਼ਰ ਆਇਆ ।
ਚੱਲੇ ਤੇ ਇਹ ਰਸਤਾ ਬੜਾ ਔਖਾ ਨਜ਼ਰ ਆਇਆ ।
ਦੁਖੀ ਕੋਈ, ਸੁਖੀ ਕੋਈ, ਰੋਗੀ ਕੋਈ, ਸੋਗੀ,
ਹਰ ਜੀ ਤੇਰੀ ਬਸਤੀ ਦਾ ਔਖਾ ਨਜ਼ਰ ਆਇਆ ।
ਸੰਸਾਰ ਦੀ ਜਿਸ ਚੀਜ਼ ਨੂੰ ਤੱਕਿਆ ਏ ਜਦੋਂ ਵੀ,
ਉਸ ਚੀਜ਼ ਦੇ ਵਿਚ ਇਕ ਨਵਾਂ ਧੋਖਾ ਨਜ਼ਰ ਆਇਆ ।
ਜ਼ਾਲਮ ਦੀਆਂ ਗੱਲਾਂ ਅਸੀਂ ਸੁਣੀਆਂ ਜਦੋਂ ਉਸ ਥੀਂ,
ਮਜ਼ਲੂਮ ਉਹ ਸਾਡੇ ਤੋਂ ਵੀ ਚੋਖਾ ਨਜ਼ਰ ਆਇਆ,
ਜਦ ਪਰਖਿਆ ਉਹ ਨਿਕਲਿਆ ਦਿਲ ਦਾ ਬੜਾ ਸਾਫ਼,
ਲਹਿਜ਼ੇ 'ਚ ਸੀ ਜਿਸ ਦੇ ਬੜਾ ਰੋਖਾ ਨਜ਼ਰ ਆਇਆ ।
ਮੈਂ ਸ਼ੀਸ਼ਾ ਤਸੱਵਰ ਦਾ ਅਜੇ ਦੇਖਿਆ ਈ ਸੀ,
ਰਹਿੰਦਾ ਏ ਜੋ ਅੱਖੀਆਂ ਤੋਂ ਪਰੋਖਾ ਨਜ਼ਰ ਆਇਆ ।
ਯਾਦ ਆਈਆਂ ਦਿਲ ਦੀਆਂ ਵੀਰਾਨੀਆਂ 'ਸਾਕੀ',
ਕਿਧਰੇ ਜੋ ਕੋਈ ਉਜੜਿਆ ਖੋਖਾ ਨਜ਼ਰ ਆਇਆ ।