ਅੱਖਰਾਂ 'ਚ
ਜੇ ਕੁਝ ਚਿਤਰਨਾ ਹੋਵੇ
ਤਾਂ ਤੈਨੂੰ ਦੇਖੇ ਬਗੈਰ ਨਹੀਂ ਚਿਤਰ ਹੁੰਦਾ
ਹੋਰ ਦੱਸ ਚਿੱਤਰਨ ਨੂੰ ਵੀ ਕੀ ਹੈ
ਤੇਰੇ ਨਕਸ਼ਾਂ ਤੇ ਤੇਰੀਆਂ ਆਦਾਵਾਂ ਬਿਨ
ਹਿੱਕ ਦੀ ਅੱਗ
ਵੀ ਕਿਹੜੀ ਬਲਦੀ ਹੈ ਤੇਰੀਆਂ ਨਜ਼ਰਾਂ ਬਿਨ
ਮੱਥੇ 'ਤੇ ਜੇ ਤਾਜ ਹੋਵੇ
ਤਾਂ ਉਸ ਤੇ ਤੇਰੇ ਹੱਥਾਂ ਦੀ ਕਢਾਈ ਹੋਵੇ
ਚਾਨਣੀ ਹੋਵੇ ਤਾਂ
ਤੇਰੇ ਹੁਸਨ ਦੀਆਂ ਰਿਸ਼ਮਾ ਵਰਗੀ
ਪਿਆਸ ਲੱਗੇ ਤਾਂ
ਤੇਰੇ ਬੁੱਲ੍ਹਾਂ ਦੀ ਮੁਸਕਾਨ ਵਰਗੀ ਹੋਵੇ
ਦਰਿਆ ਲਹਿਰਾਂ ਵਹਿਣ ਤਾਂ ਤੇਰੀਆਂ ਜੁਲਫਾਂ ਵਾਂਗ
ਕੋਈ ਵਿਰਲਾ ਹੀ ਅਰਸ਼ ਹੋਣਾ
ਤੇਰੀ ਚੁੰਨੀ ਦੇ ਸਿਤਾਰਿਆਂ ਵਾਂਗ ਜਗਦਾ
ਕੋਈ ਵੱਖਰੀ ਹੀ ਰੀਝ ਹੋਣੀ
ਤੇਰੇ ਸੁਫਨਿਆਂ 'ਚ ਵਿਚਰਨ ਜੋਗੀ
ਤੂੰ ਤਾਂ ਹਨੇਰੀਆਂ ਰਾਤਾਂ 'ਚ ਵੀ
ਬੁਝਦੇ ਦੀਵੇ ਬਾਲ ਦੇਵੇਂ
ਤਾਰੀਖ ਦੇ ਸਫੇ ਥੱਲ ਦੇਵੇਂ
ਇਕ ਹੀ ਨਖਰੇ ਨਾਲ
ਤਪੱਸਵੀਆਂ ਦੇ ਤਪ ਟੁੱਟ ਜਾਣ
ਸਮਾਧੀਆਂ ਹਿੱਲ ਜਾਣ
ਤੇਰੀ ਇੱਕ ਝਲਕ ਪਾ
ਖਬਰੇ ਕੌਣ ਤੇਰੇ ਸੁਫਨੇ ਦੀ ਸੁਰਮ ਸਲਾਈ
ਮੇਰੀ ਅੱਖ 'ਚ ਪਾ ਜਾਂਦਾ ਹੈ
ਕਾਲੀ ਜੇਹੀ ਰਾਤ 'ਚ
ਕੌਣ ਰੱਖ ਦਿੰਦਾ ਹੈ
ਸਫਿਆਂ ਦੀਆਂ ਸਤਰਾਂ 'ਚ ਜੜ ਕੇ
ਇਕ ਨਵੀਂ ਨਜ਼ਮ
ਜਿਹਨੂੰ ਪੜ੍ਹਦਿਆਂ ਪੜ੍ਹਦਿਆਂ ਦਿਨ ਚੜ੍ਹ ਜਾਂਦਾ ਹੈ
ਉਦਾਸ ਜੇਹਾ ਦਿਲ ਵਿਰ ਜਾਂਦਾ ਹੈ ਘੜੀ ਪਲ ਲਈ
ਤੂੰ ਰੋਜ਼ ਆ ਜਾਇਆ ਕਰ ਸੁਫਨਿਆਂ 'ਚ
ਵਸੀ ਰਿਹਾ ਕਰ ਯਾਦਾਂ 'ਚ
ਤੁਰੀ ਫਿਰਦੀ ਰਿਹਾ ਕਰ ਫਰਿਆਦਾਂ 'ਚ