ਸਈਓ ਨੀ!
ਮੈਨੂੰ ਅੱਕ ਸਵਾਦੀ ਲੱਗੇ
ਪੀੜਾਂ ਹੇਠ ਹੰਡਾਵਾਂ ਜਿੰਦੜੀ
ਸਾਹਵਾਂ ਦੇ ਵਿੱਚ ਖੱਗੇ
ਸਈਓ ਨੀ!
ਮੈਨੂੰ ਅੱਕ ਸਵਾਦੀ ਲੱਗੇ
ਚੇਤਰ ਮਾਹੀਂ ਸੱਜਰੀ ਵਾਅ ਨਾਲ਼
ਖਿੜਨ ਫੁੱਲਾਂ ਦੇ ਡੋਡੇ
ਮੈਂ ਕਬਰਾਂ ਵੱਲ ਟੁਰਦੀ ਜਾਵਾਂ
ਲਾ ਹਿਜਰਾਂ ਨੂੰ ਮੋਢੇ
ਸਾਹੋਂ ਟੁਰ ਕੰਡਿਆਲੀਆਂ ਚੀਕਾਂ
ਆ ਰੁਕੀਆਂ ਸ਼ਾਹ ਰਗੇ
ਸਈਓ ਨੀ!
ਮੈਨੂੰ ਅੱਕ ਸਵਾਦੀ ਲੱਗੇ
ਮੇਰੀ ਅੱਥਰੀ ਆਸ ਤੇ ਸੌਂ ਗਈ
ਰਾਤ ਹਟਕੋਰੇ ਭਰਦੀ
ਉਸੇ ਰਾਤ ਇੱਕ ਘੁੱਗੀ ਮਰ ਗਈ
ਪਾਲੇ ਦੇ ਵਿੱਚ ਠਰਦੀ
ਟੀਸਾਂ ਵਾਲੀ ਲਹਿਰ ਨੇ ਕੀਤੇ
ਫੁੱਲਾਂ ਦੇ ਰੰਗ ਬੱਗੇ
ਸਈਓ ਨੀ !
ਮੈਨੂੰ ਅੱਕ ਸਵਾਦੀ ਲੱਗੇ
ਸਾਹਵਾਂ ਪੱਲੇ ਦੁੱਖ ਚਿੰਤਾ ਦੇ
ਹੰਝ ਸਲੂਣੇ ਰਿੱਧੇ
ਜੇ ਕੋਈ ਦੁੱਖਦੀ ਰਗ ਨੂੰ ਛੇੜੇ
ਹੱਸ ਹੱਸ ਪਾਵਾਂ ਗਿੱਧੇ
ਹੱਥ ਦੇ ਛੱਲੇ ਦੇਵਾਂ ਜੇਕਰ
ਸੁੱਖ ਦਾ ਦੀਵਾ ਜੱਗੇ