ਅੱਕ ਵਰਗੇ ਅੱਤ ਕੌੜੇ ਕੋਲੋਂ

ਅੱਕ ਵਰਗੇ ਅੱਤ ਕੌੜੇ ਕੋਲੋਂ, ਬੋਲ ਰਸੀਲੇ ਮੰਗਾਂ ।

ਜਿੰਦ ਲਬਾਂ ਤੇ ਆਈ ਫਿਰ ਵੀ, ਜੀਣ ਦੇ ਹੀਲੇ ਮੰਗਾਂ ।

ਮੈਂ ਸਾਂ ਆਪਣੇ ਸਮੇਂ ਦਾ ਤਾਰੂ, ਪਰ ਹੁਣ ਹਾਲਤ ਦੇਖੋ,

ਆਪਣੀ ਜਾਨ ਬਚਾਵਨ ਖ਼ਾਤਰ, ਹੜ੍ਹ ਤੋਂ ਤੀਲੇ ਮੰਗਾਂ ।

ਸੁੱਖ ਤੇ ਚੈਨ ਦੀ ਰੁੱਤ ਜਦ ਆਵੇ, ਹਰ ਨਾਤੇ ਨੂੰ ਤੋੜਾਂ,

ਭੀੜ ਪਵੇ ਜਿਸ ਵੇਲੇ ਮੁੜ, ਖ਼ਾਵੀਸ਼ ਕਬੀਲੇ ਮੰਗਾਂ ।

ਸੱਖਣੇ ਹੱਥੀਂ ਉਮਰ ਵਿਹਾਈ, ਕੁੱਝ ਨਾ ਕਿਸੇ ਤੋਂ ਮੰਗਿਆ,

ਤੈਨੂੰ ਤੈਥੋਂ ਮੰਗਾਂ ਜੇ ਮੈਂ ਕਿਸੇ ਸਬੀਲੇ ਮੰਗਾਂ ।

ਮੇਰੀ ਰੱਤ ਨਾਲ ਉਹਦਾ ਸੂਹਾ ਜੋੜਾ ਤੇ ਛਪ ਜਾਵੇ,

ਮਰਨੋਂ ਪਹਿਲਾਂ ਆਪਣੀ ਧੀ ਦੇ ਹੱਥ ਮੈਂ ਪੀਲੇ ਮੰਗਾਂ ।

ਭੈੜਾ ਆਖ ਨਾ ਤੂੰ ਦਰਦਾਂ ਨੂੰ, 'ਆਰਿਫ਼' ਇਹ ਅਨਮੁੱਲੇ,

ਮੈਂ ਤੇ ਬੋਲਾਂ ਦੇ ਲਈ ਹਰਫ਼ ਵੀ ਕੁਝ ਦਰਦੀਲੇ ਮੰਗਾਂ ।

📝 ਸੋਧ ਲਈ ਭੇਜੋ