ਅੱਖਾਂ ਦੇ ਵਿਚ ਹੰਝੂ ਭਰ ਭਰ ਮੁਸਕਰਾਵਣ ਲੋਕੀ ।
ਕਿਸਰਾਂ ਕਿਸਰਾਂ ਆਪਣੇ ਦਿਲ ਦੇ ਰੋਗ ਛੁਪਾਵਣ ਲੋਕੀ ।
ਚੁੱਪ-ਚੁਪੀਤਾ ਤੱਕਦਾ ਜਾਵਾਂ, ਮੀਲ ਦੇ ਪੱਥਰ ਵਾਂਗੂੰ,
ਮੇਰੇ ਅੱਗੇ ਹਸਦੇ-ਰੋਂਦੇ, ਆਵਣ ਜਾਵਣ ਲੋਕੀ ।
ਹਲਦੀ ਵਰਗੇ ਦੇਖ ਕੇ ਚਿਹਰੇ ਇੰਜ ਲਗਦਾ ਏ ਮੈਨੂੰ,
ਜਿਸਰਾਂ ਆਪਣੀਆਂ ਲਾਸ਼ਾਂ ਚੁੱਕ ਕੇ, ਟੁਰਦੇ ਜਾਵਣ ਲੋਕੀ ।
ਸੂਰਜ ਨਿਕਲੇ, ਬੱਦਲ ਹੋਵੇ 'ਵਾ ਦਾ ਝੱਖੜ ਝੁੱਲੇ,
ਬੱਚਿਆਂ ਵਾਂਗੂੰ ਐਵੇਂ ਰੋਵਣ, ਹੱਸਣ, ਗਾਵਣ, ਲੋਕੀ ।
ਜਿਹੜਾ ਸੱਚਾ ਰੱਖਦਾ ਨਹੀਂ ਏ, ਦਿਲ ਵਿਚ ਕੋਈ ਖੋਟ,
ਉਹਦੇ ਨਾਲ ਕਦੀ ਨਾ 'ਅਜਮਲ' ਅੱਖ ਮਿਲਾਵਣ ਲੋਕੀ ।