ਅੱਖਾਂ ਇੰਜ ਨਈਂ ਭਰੀਆਂ ਹੋਈਆਂ
ਹਾਸੇ ਵਿਚ ਨੇ ਮਰੀਆਂ ਹੋਈਆਂ
ਕਿੰਜ ਦਾ ਦੌਰ ਏ ਕੰਧਾਂ ਵੀ ਨੇ
ਇੱਕ ਦੂਜੀ ਤੋਂ ਡਰੀਆਂ ਹੋਈਆਂ
ਤੂੰ ਅੱਧੀਆਂ ਵੀ ਸੁਣ ਨਈਂ ਸਕਦਾ
ਮੈਂ ਜਿੰਨੀਆਂ ਨੇਂ ਜਰੀਆਂ ਹੋਈਆਂ
ਦੋ ਕੰਢਿਆਂ ਦੇ ਰੌਲ਼ੇ ਵਿਚ ਕਈ
ਡੁੱਬ ਗਈਆਂ ਨੇ ਤਰੀਆਂ ਹੋਈਆਂ
ਚੰਨ ਦੇ ਹੁਸੜੇ, ਹੁਸੜੇ ਰਹੇ ਆਂ
ਰਾਤਾਂ ਤੇ ਸਨ ਠਰੀਆਂ ਹੋਈਆਂ
ਤੂੰ ਜੇ ਨਈਂ ਤੇ ਕੀ ਏ ਓਥੇ
ਭਾਵੇਂ ਸੱਤ ਸੌ ਪਰੀਆਂ ਹੋਈਆਂ
ਚੇਤਰ ਸੜੀਆਂ ਸਾਵਣ ਸੁੱਕੀਆਂ
ਫਿਰ ਕਦੇ ਨਾ ਹਰੀਆਂ ਹੋਈਆਂ
ਸੱਜਣਾਂ ਵਾਂਗੂੰ ਸਾਥੋਂ ‘ਸੰਧੂ’
ਨਈਂ ਨਾ ਕਾਰੀਗਰੀਆਂ ਹੋਈਆਂ