ਅੱਖੀਆਂ ਦੇ ਦੇਖਣੇ ਨੂੰ ਬੇਤਾਬ ਹੋਣ ਅੱਖੀਆਂ
ਜ਼ਖਮੀ ਦਿਲਾਂ ਤੇ ਵਧ ਵਧ ਨਸ਼ਤਰ ਚੁਭੋਨ ਅੱਖੀਆਂ
ਬਣਕੇ ਹਬੀਬ ਜਿਤ ਵਲ ਲੜ ਅਪਨਾ ਜੋੜ ਦੇਵਣ,
ਬਹਿਰ ਗ਼ਮਾਂ ਦੇ ਵਿਚ ਕਿਸ਼ਤੀ ਹਸ ਕੇ ਰੋੜ੍ਹ ਦੇਵਣ,
ਹੰਝੂਆਂ ਦੇ ਤਾਰ ਮੋਤੀ ਤਸਬੀ ਪਰੋਨ ਅੱਖੀਆਂ
ਰੰਗੀਆਂ ਗਜ਼ਬ ਰੰਗ ਵਿਚ ਨਿਤ ਰਹਿੰਦੀਆਂ ਗੁਲਾਬੀ,
ਮਸਤੀ 'ਚ ਮਸਤ ਹੋਈਆਂ ਇਹ ਬੇਖਬਰ ਸ਼ਰਾਬੀ,
ਯਾਕੂਬ ਕਿਤੇ ਬਨ ਕੇ ਯੂਸਫ ਨੂੰ ਮਰਵੌਣ ਅੱਖੀਆਂ
ਅੱਖੀਆਂ ਤੇ ਕਿਤੇ ਅੱਖੀਆਂ ਕਾਤਲ ਹੋ ਬਹਿੰਦੀਆਂ ਨੇ,
ਕਿਤੇ ਬਨਕੇ ਦਰਦਮੰਦ ਜਾ ਕਦਮਾਂ ਤੇ ਢਹਿੰਦੀਆਂ ਨੇ,
ਕਿਤੇ ਨੋਕ ਸੂਲੀ ਉਪਰ ਹਸ ਹਸ ਖਲੋਨ ਅੱਖੀਆਂ
ਮਹਿਮਲ 'ਚ ਛੁਪਕੇ ਹਸ਼ਮਤ ਮੁਖੜਾ ਕਿਤੇ ਛਪਾਵਨ,
ਕੁਤਿਆਂ ਦੇ ਪੈਰ ਚੁੰਮ ਕੇ ਦਿਲ ਦੀ ਲਗੀ ਬੁਝਾਵਨ,
ਖੁਦ ਆਪ ਜ਼ਖਮ ਕਰਕੇ ਰੋ ਰੋ ਕੇ ਧੋਣ ਅੱਖੀਆਂ