ਅਕਲੋਂ ਅੰਨੇ ਹੱਥ, ਬੰਦੂਕਾਂ

ਅਕਲੋਂ ਅੰਨੇ ਹੱਥ, ਬੰਦੂਕਾਂ, ਚੱਕ, ਨਿਸ਼ਾਨੇ ਕਰ ਦਿੱਤੇ ।

ਆਪਾਂ ਆਪਣੇ ਆਪ ਹੀ ਆਪਣੇ ਲੋਕ ਬਿਗਾਨੇ ਕਰ ਦਿੱਤੇ ।

ਇਹ ਲੋਕ ਸ਼ਮਾਂ ਦੀ ਫਿਤਰਤ ਨੂੰ, ਜਾਣਦਿਆਂ ਵੀ ਕਿਉਂ ਆਖਣ,

ਇਸ ਨੇ ਕਾਹਤੋਂ ਪਲ ਵਿਚ ਸਾੜ, ਸੁਆਹ, ਪਰਵਾਨੇ ਕਰ ਦਿੱਤੇ ।

ਆਪਣੀ ਮਿੱਟੀ ਦੀ ਖੁਸ਼ਬੋਈ, ਲੈਣ ਲਈ ਵੀ ਤਰਸ ਦੇ ਹਨ, 

ਇਸ਼ਕ ਦੀ ਰੰਗਤ ਨੇ ਪਰਦੇਸੀ, ਦੇਖ ਦਿਵਾਨੇ ਕਰ ਦਿੱਤੇ ।

ਤੇਰੇ ਜਾਣ ਦੇ ਮਗਰੋਂ ਵੀ ਤਾਂ, ਤੇਰੀ ਚਰਚਾ ਛਿੜਦੀ ਹੈ,

ਇੱਕ ਤੇਰੇ ਕਿਰਦਾਰ ਨੇ ਹੀ ਹੈਰਾਨ ਜ਼ਮਾਨੇ ਕਰ ਦਿੱਤੇ ।

ਅਕਲਾਂ ਵਾਲੇ ਲੋਕਾਂ ਮੈਨੂੰ, ਕਾਫ਼ਿਰ ਆਖ ਬੁਲਾਇਆ ਹੈ,

ਆਸ਼ਕ ਦੇ ਲਈ, ਇਸ਼ਕ ਚ ਦੇਖੋ ਤੈਅ ਪੈਮਾਨੇ ਕਰ ਦਿੱਤੇ ।

ਤੇਰੀ ਹਰ ਗੱਲ ਨੂੰ ਹੀ ਮੈਥੋਂ ਸਤਿ ਬਚਨ ਕਹਿ ਹੋਣਾ ਨਹੀਂ,

ਏਸੇ ਕਰਕੇ ਆਪੇ ਹੋਇਆਂ ਦੂਰ, ਬਹਾਨੇ ਕਰ ਦਿੱਤੇ ।

ਮੰਗਤਿਆਂ ਨੂੰ ਤੇਰੀ ਰਹਿਮਤ ਸਦਕਾ, ਰੋਟੀ ਮਿਲਦੀ ਹੈ,

ਮੰਗਤਿਆਂ ਦੇ ਵਰਗੇ ਲੋਕੀਂ, ਵੀ ਤੂੰ ਦਾਨੇ ਕਰ ਦਿੱਤੇ ।

ਮੈਨੂੰ ਸਾਕੀ ਅਕਸਰ ਪੁੱਛੇ, ਦੱਸ ਅਮਨ ਹੁਣ ਕਿੱਥੋਂ ਰਹਿੰਨੈ,

ਆਖਿਰ ਕਿਹੜੀ ਗੱਲੋ ਤੂੰ, ਵੀਰਾਨ ਮੈਖ਼ਾਨੇ ਕਰ ਦਿੱਤੇ ।

📝 ਸੋਧ ਲਈ ਭੇਜੋ