ਸਾਉਣ ਵਿੱਚ ਖੁੰਢ
ਖੜਸੁੱਕ ਰੁੱਖ਼ ਵੀ
ਹਰੇ ਹੋ ਜਾਂਦੇ ਨੇ
ਪਿਆਰ ਵਿੱਚ ਪੱਥਰ-ਚਿੱਤ ਮਨੁੱਖ ਵੀ
ਕੋਮਲ ਤੇ ਖ਼ਰੇ ਹੋ ਜਾਂਦੇ ਨੇ।
ਮੁਹੱਬਤ ਵੀ ਬਰਸਾਤ ਕਰਦੀ ਹੈ
ਬਰਸਾਤ
ਜੋ ਬੰਦੇ ਦੇ ਅੰਦਰਵਾਰ ਵਰ੍ਹਦੀ ਹੈ
ਉਸ ਅੰਦਰ ਲੂਸਦੀਆਂ
ਖੁਸ਼ਕ ਹੁੰਦੀਆਂ ਜਾ ਰਹੀਆਂ
ਵਾਦੀਆਂ ਨੂੰ ਸਰ ਸਬਜ਼ ਕਰਦੀ ਹੈ
ਮਨ ਦੇ ਸੁੱਕਦੇ ਜਾ ਰਹੇ
ਮਾਨ ਸਰੋਵਰਾਂ ਨੂੰ ਭਰਦੀ ਹੈ
ਕਰੁਣਾ ਮੋਹ ਮਮਤਾ ਦੇ ਸਰਵਰ
ਜਲ-ਥਲ ਕਰਦੀ ਹੈ
ਦੇਹ ਨੂੰ ਕਿਸੇ ਨਿਰਮਲ ਨਿਰਛਲ ਦਰਵੇਸ਼ ਸੂਫ਼ੀ ਦੀ
ਪਾਕਿ ਦਰਗ਼ਾਹ ਬਣਾ ਧਰਦੀ ਹੈ
ਮੁਹੱਬਤ ।
ਕਾਇਆ ਕਲਪ ਕਰਦੀ ਹੈ
ਮੁਹੱਬਤ ।
ਦਿਲ ਵਿੱਚ ਰੱਬਤਾ ਭਰਦੀ ਹੈ
ਮੁਹੱਬਤ ।
ਅਲੌਕਿਕ ਕਰਾਮਾਤ ਕਰਦੀ ਹੈ
ਮੁਹੱਬਤ ।