ਅੱਲ੍ਹੜ ਪੈਲ਼ ਸੀ ਉਹ
ਗਲੀਆਂ ਤੇ ਬਾਗ਼ਾਂ ਚ ਘੁੰਮਦੇ ਮੋਰਾਂ ਦੀ
ਕੋਇਲ ਦਾ ਹਾਉਕਾ ਸੀ
ਧੁਖ਼ਦੀ ਪੁਕਾਰ ਅੰਬੀਆਂ ਦੀ ਰੁੱਤੇ
ਝਨਾਂ ਵੱਲ ਨੂੰ ਜਾਂਦਾ
ਅੰਨ੍ਹਾ ਝੱਲਾ ਇਸ਼ਕ
ਪਿੰਡ ਦੇ ਅਰਸ਼ 'ਤੇ
ਚੌਦਵੀਂ ਦੇ ਚੰਨ ਦਾ ਤਰਲਾ ਸੀ
ਨੌਜਵਾਨ ਮੁੰਡਿਆਂ ਦਾ
ਆਖ਼ਰੀ ਖ਼ਾਬ
ਅੰਗਿਆਰਾਂ ਦੀ ਟੋਰ ਵਰਗਾ
ਰਾਹਾਂ ਦੇ ਰੁੱਖਾਂ ਨੂੰ
ਲੱਗਾ ਸਰਾਪ ਸੀ ਉਹ ਕੁੜੀ
ਸਿਖਰ ਦੁਪਹਿਰ ਵਾਂਗੂੰ ਇਕੱਲਾ
ਬਲਦਾ ਸੜਦਾ
ਜੋਗੀਆਂ ਦੀ
ਟਿੱਲੇ 'ਤੇ ਨੱਚਦੀ ਚਾਹਤ
ਅਧੂਰਾ ਰਹਿ ਗਿਆ
ਟੁੱਟਾ ਤਪ ਤਪੀਸਰਾਂ ਦਾ
ਨਦੀ ਸੀ ਉਹ
ਅੰਗਿਆਰਾਂ 'ਚ ਸੜਦੀ ਮੇਲਦੀ
ਪਿਘਲਦੀ
ਡੂੰਘੀ ਡੁੱਬ ਮਰਨ ਵਾਲੀ
ਸੀਤ ਸਮੁੰਦਰ ਦੇ ਸੀਨੇ 'ਚ
ਠੰਢਾ ਠਾਰ ਚੰਨ ਲਿਖਦੀ ਇੱਕ
ਆਪਣੀ ਅਰਜ਼ ਵਿਚ
ਹਰ ਰੋਜ਼