ਅਲਿਫ਼-ਅਸੀਂ ਕੁਝ ਨ ਸੀ ਕਨ ਕੰਨ ਪਇਆ ਏ

ਅਲਿਫ਼-ਅਸੀਂ ਕੁਝ ਨ ਸੀ ਕਨ ਕੰਨ ਪਇਆ ਏ,

ਤਾਂ ਕੁਝ ਕੀਤੋ ਫ'ਯਕੂਨ ਥੀਆ ।

ਹੋਵੇ ਜ਼ੇਰ ਜ਼ਬਹ ਕਣ ਕਣ ਮੈਂਡੇ,

ਕੁਨ ਕੁਨ ਗੂਨਾਗੂੰ ਥੀਆ ।

ਵੱਜਿਆ ਮਾਰੂ ਇਸ਼ਕ ਅਵੱਲੇ ਦਾ,

ਸੁੱਧ ਬੁੱਧ ਹੋਸ਼ ਜਨੂਨ ਥੀਆ ।

ਹਿੱਕ ਆਸ਼ਿਕ ਹਿੱਕ ਮਾਸ਼ੂਕ ਥੀਏ,

ਏਵੇਂ ਜੂਨਾ ਜੂਨ ਥੀਆਂ ।

ਆਰਸੀਆਂ ਥਿਈ ਚੁਨੀਆਂ ਵਾਲੜੇ,

ਜਲਵਾ ਨੁਮਾ ਬੇਚੂਨ ਥੀਆ ।

ਲੈ ਲੈ ਲੇਲੀ ਨੂੰ ਦਿਲ ਮੈਂਡੜੇ,

ਕੈਸ ਖੜਾ ਮਜਨੂੰ ਥੀਆ ।

ਤੇਸ਼ਾ ਥੀਆ ਏਹੋ ਸੁਖਨ ਸ਼ੀਰੀਂ,

ਫਰਹਾਦ ਨਿਮਾਨੜਾ ਖੂਨ ਥੀਆ ।

ਇਸ ਕੁਨ ਦੇ ਕਾਫ ਦੀ ਖੂੰਡੀ ਦਾ ਨਬੀ,

ਇਸ ਖੂੰਡੀ ਦਾ ਸਿਰ ਨੂਨ ਥੀਆ ।

ਹੱਕੀਆਂ ਬੇਲੇ ਤੋਂ ਮਹੀਂ ਰਾਂਝਣ ਨੇ,

ਹੀਰੇ ਦਾ ਹਾਲ ਜ਼ੂਬੂਨ ਥੀਆ ।

ਲੈ ਵਗਿਆ ਮਿਰਜ਼ਾ ਸਾਹਿਬਾਂ ਨੂੰ

ਸਾਰੀ ਜੰਜ ਦਾ ਸ਼ਾਨ ਜ਼ੂਬੂਨ ਥੀਆ ।

ਚੜ੍ਹਦਿਆਂ ਖਾਰੇ ਢੁਕਦਿਆਂ ਜੰਜ,

ਇਹ ਇਸ਼ਕ ਦਾ ਫਨ ਫਨੂਨ ਥੀਆ ।

ਉਹ ਕਲੀਏ ਪਲਾਉ ਸ਼ੀਰੀਨੀਆਂ ਭੀ,

ਸਭ ਫੱਟਾਂ ਉਤੇ ਲੂਨ ਥੀਆਂ ।

ਉਹ ਖੰਜ਼ਰੀਆਂ ਸੁਹਾਵੀਆਂ ਹੀਰੇ,

ਦ੍ਹਾ ਦ੍ਹਾ ਦਮਾਮਾ ਘੂੰ ਥੀਆ ।

ਹੈ ਹੈ ਮਿਲੀਆਂ ਵਾਹਰਾਂ ਤੇ,

ਮਰ ਜਾਂਦੜੇ ਦਾ ਸਿਰ ਖੂਨ ਥੀਆ ।

ਸਾਹਿਬਾਂ ਵੀ ਤਰੁਟ ਮਾਰੀ ਤੈਂ ਮੋਈ,

ਹੈਦਰ ਕਨ ਫ'ਯਕੂਨ ਥੀਆ ।੧।

📝 ਸੋਧ ਲਈ ਭੇਜੋ