ਅਲਿਫ਼-ਇਹ ਖੂਬੀਆਂ ਸੱਭੇ ਸ਼ਹੁ ਦੀਆਂ

ਅਲਿਫ਼-ਇਹ ਖੂਬੀਆਂ ਸੱਭੇ ਸ਼ਹੁ ਦੀਆਂ,

ਇਹ ਖੂਬੀਆਂ ਐਵੇਂ ਵਿਖਾਲੜਾ ਈ ।

ਇਹ ਘਿੰਨਣ ਸਭ ਉਹਾ ਦੇ ਆਹੇ,

ਚੱਕੀ ਦੇ ਮੂੰਹ ਨਵਾਲੜਾ ਈ ।

ਇਹ ਅੱਖੀਂ ਸਾਦ ਮੁਰਾਦੀਆਂ ਨੇ,

ਇਹ ਘੁਲਦਾ ਕੱਜਲ ਕਾਲੜਾ ਈ ।

ਲੁੱਟ ਪੁੱਟੀਆਂ ਵੱਸਣ ਅਖੀਆਂ

ਅਤੇ ਸੂਰਮੇ ਦੇ ਸਿਰ ਦੁੰਬਾਲੜਾ ਈ ।

ਐਵੇਂ ਅੱਖੀਆਂ ਮਿਣ ਮਿਣ ਦੇਵਣ ਗੱਲਾ

ਹਾਲੀ ਦੇ ਸਿਰ ਹਾਲੜਾ ਈ ।

ਮੱਥੇ ਦਾ ਵਲ ਸੁਖ ਨਾ ਆਹਾ,

ਅੱਖੀਆਂ ਦਾ ਲੜ ਦੰਮਾਲੜਾ ਈ ।

ਤੇਗ ਦੀ ਬੇਰੰਗ ਆਬ ਤ੍ਰਿਖੜੀ,

ਨਾਹੀਂ ਤਾਂ ਪਾਣੀ ਹਥਾਲੜਾ ਈ ।

ਜੋ ਕੁਝ ਏਹੀ ਓਹੋ ਏਹੀ,

ਬੀਬਾ ਸਭ ਕੁਸ਼ਾਲੜਾ ਈ ।

ਅੱਖੀਂ ਦੀ ਸਿੱਕ ਏਵੇਂ ਰਹਿੰਦੀ,

ਨਾਹੀਂ ਤਾਂ ਮਰਨ ਸੁਖਾਲੜਾ ਈ ।

ਥਾ ਨਾ ਤਾਕ ਨ ਚਮਕੇ ਹੈਦਰ,

ਚਾਨਣ ਸੂਰਜ ਵਾਲੜਾ ਈ ।੮।

📝 ਸੋਧ ਲਈ ਭੇਜੋ