ਅਲਿਫ਼-ਇਹ ਸੂਰਤਾਂ ਮਾਨੇ ਨੇ,
ਰੰਗ ਸੂਰਤਾਂ ਦਾ ਨਜ਼ਰ ਆਵੰਦਾ ਏ ।
ਇਹ ਸਰਵ ਸਹੀ ਕੱਦ ਮਾ'ਨੇ ਨੇ
ਤਾਹੀਏਂ ਅੱਖੀਆਂ ਦੇ ਵਿੱਚ ਆਵੰਦਾ ਏ ।
ਵਿੱਚ ਐਡੇ ਬਦਨ ਦੇ ਆਵੰਦੇ ਨਹੀਂ,
ਇਹ ਆਰਸੀ ਵਿੱਚ ਸਮਾਵੰਦਾ ਏ ।
ਸੂਰਤ ਨਕਸ਼ ਨ ਆਬੇ ਵਾਲੀ,
ਇਹ ਮੱਥੇ ਤੇ ਵਲ ਪਾਵੰਦਾ ਏ ।
ਇਹ ਮਾ'ਨੀ ਨੇ ਅਤੇ ਸੂਰਤ ਦਿੱਸਣ,
ਕੁਝ ਕੁਝ ਹੱਥ ਨ ਆਵੰਦਾ ਏ ।
ਖਾਲੀ ਨੇ ਸੂਰਤ ਕੋਲੋਂ ਉਲਟੇ,
ਉਲਟੇ ਨਕਸ਼ ਵਿਖਾਵੰਦਾ ਏ ।
ਵਿੱਚ ਲਾਲ ਨਗੀਨੇ ਦੇ ਉਲਟਾ ਲਿਖਿਆ,
ਅੱਖਰ ਯਾਰ ਦੇ ਨਾਵੰਦਾ ਏ ।
ਹੁੰਦੇ ਨੇ ਹੈਦਰ ਉਲਟੇ ਸਿੱਧੇ ਜੇ ਕਦੀ
ਮੇਹਰ ਦੀ ਮੁਹਰ ਲਗਾਵੰਦਾ ਏ ।੩੩।