ਅਲਿਫ਼-ਇਹਨਾਂ ਨੈਣਾਂ ਵਾਲੇ ਝਰੋਖਿਆਂ ਵਿੱਚੋਂ

ਅਲਿਫ਼-ਇਹਨਾਂ ਨੈਣਾਂ ਵਾਲੇ ਝਰੋਖਿਆਂ ਵਿੱਚੋਂ

ਝਾਤ ਪਵੈਂਦੜਾ ਕੌਣ ਦੇਖਾਂ ।

ਉਹ ਭਰ ਭਰ ਦੇਂਦਾ ਪਿਆਲੇ ਸ਼ਰਾਬ ਦੇ,

ਸਾਕੀ ਆਖੇਂਦੜਾ ਕੌਣ ਦੇਖਾਂ ।

ਉਹ ਹੱਸ ਹੱਸ ਉਹਲੇ ਪਿਪਨੀਆਂ ਦੇ,

ਜੰਗ ਕਰੇਂਦੜਾ ਕੌਣ ਦੇਖਾਂ ।

ਉਹ ਸੁਰਮੇ ਸਿਆਹੀ ਆਪਣੀ ਉੱਤੇ,

ਤੇਗ ਲਬੇਂਦੜਾ ਕੌਣ ਦੇਖਾਂ ।

ਉਹ ਨੈਣ ਮਲ੍ਹੜੇ ਪਿਨੀਆਂ ਦੇ,

ਪੱਲੂ ਫਿਰੇਂਦੜਾ ਕੌਣ ਦੇਖਾਂ ।

ਵੇਖ ਮੱਥੇ ਦਾ ਵਲ ਸਿਖਰ ਤੇ ਨਾਹੀਂ,

ਕਾਨੀ ਮਰੇਂਦੜਾ ਕੌਣ ਦੇਖਾਂ ।

ਉਹ ਕੁੰਢੀਆਂ ਖਲਕਾਂ ਰੁੱਠੀਆਂ ਵਾਲਾ,

ਨ ਮੂਲ ਮੰਨੇਂਦੜਾ ਕੌਣ ਦੇਖਾਂ ।

ਉਹ ਪਲਕਾਂ ਵਾਲੀਆਂ ਕੰਕਰੀਆਂ ਤੋਂ,

ਤਾਰ ਮਰੇਂਦੜਾ ਕੌਣ ਦੇਖਾਂ ।

ਉਹ ਜ਼ੁਲਫ ਕਮੰਦ ਸਾਡੇ ਗਲ ਵਿੱਚ

ਪਾਏ ਛਿਕੇਂਦੜਾ ਕੌਣ ਦੇਖਾਂ ।

ਹੈਦਰ ਮਾਰਕੇ ਨੇਜ਼ੇ ਪਿਪਨੀਆਂ ਦੇ

ਬੈਠ ਬੁਲੇਂਦੜਾ ਕੌਣ ਦੇਖਾਂ ।੧੬।

📝 ਸੋਧ ਲਈ ਭੇਜੋ