ਅਲਿਫ਼-ਇਹਨਾਂ ਤੈਂਡਿਆਂ ਦੀਆਂ ਤਸਵੀਰਾਂ

ਅਲਿਫ਼-ਇਹਨਾਂ ਤੈਂਡਿਆਂ ਦੀਆਂ ਤਸਵੀਰਾਂ,

ਮੈਂਡੜਾ ਸੀਨਾ ਲੀਰਾਂ ਲੀਰਾਂ ਕੀਤਾ ।

ਇਹਨਾਂ ਤਿਖਿਆਂ ਦੇ ਤਰਵਾਰੀਂ,

ਮੈਂਡੜਾ ਕਪ ਕਪ ਹਾਲ ਲਵੀਰਾਂ ਕੀਤਾ ।

ਬੇਚੂੰ ਖੂਬੀ ਦੀ ਕੈਦ ਮੈਨੂੰ,

ਇਹਨਾਂ ਜ਼ੁਲਫਾਂ ਦੀਆਂ ਜ਼ੰਜੀਰਾਂ ਕੀਤਾ ।

ਛਾਣਨੀਆਂ ਦਿਲ ਮੈਂਡੜਾ,

ਉਹਨਾਂ ਪਿਪਨੀਆਂ ਦੇ ਤੀਰਾਂ ਕੀਤਾ ।

ਮਹਰਮ ਤੈਂਡੀਆਂ ਖੂਬੀਆਂ ਦਾ,

ਉਹਨਾਂ ਸੋਹਣੀਆਂ ਤਸਵੀਰਾਂ ਕੀਤਾ ।

ਵਾਕਿਫ ਤੈਂਡਿਆਂ ਰਾਜ਼ਾਂ ਦਾ,

ਕੁਝ ਪੀੜਾਂ ਕੀਤਾ ਕੁਝ ਪੀਰਾਂ ਕੀਤਾ ।

ਹੈਦਰ ਭਾਗ ਸੁਹਾਗ ਅਸਾਡੜਾ,

ਲੁਤਫ ਜੇ ਹਜ਼ਰਤ ਮੀਰਾਂ ਕੀਤਾ ।੩੭।

📝 ਸੋਧ ਲਈ ਭੇਜੋ