ਅਲਿਫ਼-ਓਸ ਤੰਗ ਦਹਨ ਕੀਤਾ ਤੰਗ ਮੈਂਡਾ ਦਿਲ
ਨਾਲ ਅਦਮ ਦੇ ਭੀ ਹਮਦਮ ਆਹੀਂ ।
ਓਸ ਤੰਗ ਦਹਨ ਕੀਤਾ ਬੇਸਿਰ ਮੈਨੂੰ
ਮਹਜ਼ ਅਦਮ ਕੁਨੋਂ ਭੀ ਕਮ ਆਹੀਂ ।
ਅਜੇ ਅਦਮ ਭੀ ਯਾਦਮ ਏਹੀ
ਮੈਂ ਵਤ ਬੇਸਿਰ ਬੇਦਮ ਆਹੀਂ ।
ਉਹ ਮੂੰਹ ਕਾ'ਬਾ ਬੀਨੀ ਹਤੀਮ ਏ
ਵਿਚ ਰਕੂ ਦੇ ਗਮ ਆਹੀਂ ।
ਵਿਚ ਤਵਾਫ ਦੇ ਖਾਵਾਂ ਵਹੀਰੇ
ਕੱਪਰ ਦੇ ਵਿਚ ਜ਼ਮ-ਜ਼ਮ ਆਹੀਂ ।
ਪਵੇ ਵਹਮ ਦਾ ਅਕਸ ਉਸ ਲਾਲ ਨਗੀਨਾ
ਹਾਲ ਵਜੂਦ ਥੀ ਖਾਤਮ ਆਹੀਂ ।
ਵਹ ਮਿਲਿਆ ਮੱਥੇ ਨੁਕਤਾ ਵਹਮ ਦਾ
ਕਰੇ ਨ ਮੁਜਰਮ ਮੁਜਰਮ ਆਹੀਂ ।
ਅਲੀ ਹੈਦਰ ਹੋਵਾਂ ਮੈਂ ਸੋਨੇ ਦੀ ਬੈਂਸਰ
ਘੋਲ ਘਤੀਵਾਂ ਜਮ ਜਮ ਆਹੀਂ ।੫੯।