ਅਲਿਫ਼-ਉਹ ਆਉਂਦਾ ਮੈਂ ਮਨ ਭਾਉਂਦਾ

ਅਲਿਫ਼-ਉਹ ਆਉਂਦਾ ਮੈਂ ਮਨ ਭਾਉਂਦਾ,

ਭੰਨਾ ਕਾਸਿਦ ਦਿਲਬਰ ਯਾਰ ਦਾ ਏ ।

ਜੈਂ ਦੀ ਧੂੜ ਨੂਰ ਅਖੀਂ ਦਾ,

ਸੋ ਬੇਸ਼ਕ ਓਸੇ ਯਾਰ ਦਾ ਏ ।

ਧੂੜ ਕੇਹੀ ਕੋਈ ਮੁਸ਼ਕ ਅਬੀਰੀ,

ਮਾਯਾ ਕਲ ਅਨਵਾਰ ਦਾ ਏ ।

ਸੋ ਬਣ ਰਸੂਲ ਮੁਹੰਮਦ ਬਰ ਹੱਕ,

ਭੇਜਿਆ ਸਿਰਹਣਹਾਰ ਦਾ ਏ ।

ਬੇਲੀ ਆਪਣੇ ਨੂੰ ਕਰ ਕਾਸਿਦ ਭੇਜਣਾ,

ਮਹਜ਼ ਕਰਮ ਦਿਲਦਾਰ ਦਾ ਏ ।

ਭੈਣਾਂ ਪੁਛਿਆ ਮੈਂ ਉਸ ਕਾਸਿਦ ਕੋਲੋਂ,

ਜੋ ਮਹਰਮ ਸਭ ਅਸਰਾਰ ਦਾ ਏ ।

ਵੇਖਾਂ ਕਿਹੜੀ ਚੀਜ਼ ਅਜਾਇਬ ਤੁਹਫਾ,

ਜੋ ਲਾਇਕ ਦਰਬਾਰ ਦਾ ਏ ।

ਹੈਦਰ ਆਖਿਆ ਕਾਸਿਦ ਓਥੇ,

ਬਹੁਤ ਪਿਆਰ ਪਿਆਰ ਦਾ ਏ ।੪।

📝 ਸੋਧ ਲਈ ਭੇਜੋ