ਅਲਿਫ਼-ਉਹ ਭਰ ਭਰ ਭਾਹ ਜਿਉਂ ਬੇਰੰਗ ਭੜਕੇ,
ਸੰਗ ਭੀ ਸ਼ੋਰ ਥੋਂ ਸੰਗਦਾ ਏ ।
ਇਹ ਭਾਹ ਭੀ ਥਰ ਥਰ ਕੰਬਦਾ ਈ,
ਹੋਵੇ ਸ਼ੁ'ਲਾ ਜ਼ਬਾਨ ਖੈਰ ਮੰਗਦਾ ਏ ।
ਜਲਵਾ ਪਵੇ ਵਿੱਚ ਭਾਹ ਸਮੁੰਦਰ
ਭਾਹ ਜਨਾ ਜਲ ਗੰਗ ਦਾ ਏ ।
ਪਰ ਖਾਮ ਸਮੁੰਦਰ ਸੋਜ਼ ਥੋਂ ਸੰਗੇ,
ਮਰਦ ਨ ਮੌਤ ਤੋਂ ਸੰਗਦਾ ਏ ।
ਐਥੇ ਖਵਾਜਾ ਸਰ ਸਮੁੰਦਰ ਏਹੀ,
ਆਤਿਸ਼-ਖ਼ਾਨਾ ਪਤੰਗ ਦਾ ਏ ।
ਐਵੇਂ ਕੂੜ ਸਮੁੰਦਰ ਆਖੇ 'ਅਨਾ ਅਨਾਰ'
ਹੱਕ ਪਤੰਗ ਦੇ ਅੰਗ ਦਾ ਏ ।
ਵਤ ਖਾਲ ਤੇ ਖਤ ਕਟਕ ਕੇਹਾ,
ਜੇ ਯਾਰ ਸਾਮਾਨ ਨ ਜੰਗ ਦਾ ਏ ।
ਹਾਇ ਹਾਇ ਸਾੜਿਆ ਰੰਗ ਨੂੰ,
ਬੇਰੰਗ ਤਾਂ ਭੀ ਕਾਲੜਾ ਦਾਰੂ ਤੁਫੰਗ ਦਾ ਏ ।
ਵੇਖੋ ਹੱਥੀਂ ਕਰੀਮ ਦੇ ਪੌਂਦ ਕਿਦਾਂ,
ਉਹ ਸੋਨਾ ਜੋ ਹੱਥਾਂ ਦੀ ਵੰਗ ਦਾ ਏ ।
ਵੇਖੇ ਪਿੱਛੇ ਲਾਲਾਂ ਦੇ ਸੰਗ ਉਹ ਵੰਗ ਭੀ,
ਹੋਰ ਕੀ ਆਰਜ਼ ਮੰਗਦਾ ਏ ।
ਓਸ ਬੇਰੰਗ ਭਾਹ ਦਾ ਘੁੰਗਟ
ਜਲ ਸਿਆਹ ਥੀਵੇ ਤੋੜੇ ਸੰਗਦਾ ਏ ।
ਹੈਦਰ ਦੇਵੇ ਸਾਹ ਤਾਂ ਉਹੋ ਦੇਵੇ,
ਸਾਹ ਜੋ ਘੁੰਗਟ ਅੰਗਦਾ ਏ ।੩੯।