ਅਲਿਫ਼-ਉਹ ਹਾਰ ਸਿੰਗਾਰ ਜੋ ਭਾਣਾ ਯਾਰ ਨ ਕੀਤਾ,
ਅਸਾਂ ਕਿਆ ਕੀਤਾ ਅਸਾਂ ।
ਵੇਖ ਕੱਜਲ ਦੀ ਧਾਰ ਧਾਰ ਦੇ ਯਾਰ ਨ ਕੀਤਾ,
ਅਸਾਂ ਕਿਆ ਕੀਤਾ ਅਸਾਂ ।
ਅਸਾਂ ਕੀਤਾ ਡਰਦਿਆਂ ਮੂਲ ਸ਼ਿਕਾਰ ਨ ਕੀਤਾ,
ਅਸਾਂ ਕਿਆ ਕੀਤਾ ਅਸਾਂ ।
ਡੰਗੇ ਜ਼ੁਲਫ ਸਿਆਹ ਮਾਰ ਦੇ ਧਾਰ ਨ ਕੀਤਾ,
ਅਸਾਂ ਕਿਆ ਕੀਤਾ ਅਸਾਂ ।
ਕੋਲੋ ਕੋਲ ਤਮਾਸ਼ਾ ਬਾਗ਼ ਬਹਾਰ ਨ ਕੀਤਾ,
ਅਸਾਂ ਕਿਆ ਕੀਤਾ ਅਸਾਂ ।
ਹੈਦਰ ਚੋਲਾ ਪਾੜ ਲੰਗਾਰ ਨ ਕੀਤਾ,
ਅਸਾਂ ਕਿਆ ਕੀਤਾ ਅਸਾਂ ।੩੪।