ਅਲਿਫ਼-ਉਹ ਮੈਥੋਂ ਭੀ ਨੇੜੇ ਵੱਸੇ ਨੀ ਭੈਣਾਂ,
ਪਿੱਟੀਆਂ ਅੱਖੀਆਂ ਪਿੱਟੀਆਂ ਮੈਂ ।
ਹਾਇ ਹਾਇ ਅੱਖੀਂ ਨਹੀਂ, ਪਰ ਵੇਖਣ ਦੀ ਸਿੱਕ
ਪੱਟੀਆਂ ਮੈਂ ਅੱਖੀਆਂ ਪੱਟੀਆਂ ਮੈਂ ।
ਓਥੇ ਯੂਸਫ ਆਹਾ ਸੁਫਨੇ ਵਿੱਚ,
ਪੱਟੀਆਂ ਮੈਂ ਅੱਖੀਂ ਪੱਟੀਆਂ ਮੈਂ ।
ਲਿਖੀ ਸੂਰਤ ਡਿੱਠੀ ਸੋਹਣੀ ਮੈਂ,
ਜੇ ਪੱਟੀਆਂ ਮੈਂ ਅੱਖੀਆਂ ਪੱਟੀਆਂ ਮੈਂ ।
ਲੋਟ ਪੋਟ ਹੋਈਆਂ ਅੱਖੀਂ ਨਾਲ ਅੱਖੀਂ ਦੇ,
ਪੱਟੀਆਂ ਮੈਂ ਅੱਖੀਆਂ ਪੱਟੀਆਂ ਮੈਂ ।
ਕੂਰ ਕੂਰ ਕਰੇਂ ਮੈਨੂੰ ਕੋਈ ਨਾ ਕਰੇ,
ਜੇ ਵੱਤ ਪੱਟੀਆਂ ਮੈਂ ਅੱਖੀਂ ਪੱਟੀਆਂ ਮੈਂ ।
ਲੱਗਾ ਦਿਲ ਵਿੱਚ ਹੈਦਰ ਤੀਰ ਨਿਗਾਹ ਦਾ,
ਪੱਟੀਆਂ ਮੈਂ ਅੱਖੀਂ ਪੱਟੀਆਂ ਮੈਂ ।੨੭।